ਪੰਜਾਬ ਬਜਟ ਸੈਸ਼ਨ : 'ਆਪ' ਤੇ ਅਕਾਲੀ ਦਲ ਵਲੋਂ ਵੱਖ-ਵੱਖ ਮੁੱਦਿਆਂ 'ਤੇ ਵਾਕਆਊਟ (ਵੀਡੀਓ)

Wednesday, Feb 20, 2019 - 01:34 PM (IST)

ਚੰਡੀਗੜ੍ਹ (ਜੱਸੋਵਾਲ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਬੁੱਧਵਾਰ ਨੂੰ ਸਵਾਲ-ਜਵਾਬ ਨਾਲ ਸ਼ੁਰੂ ਹੋਈ। ਇਸ ਦੌਰਾਨ ਅਕਾਲੀ ਦਲ-ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਨਾਅਰੇਬਾਜ਼ੀ ਕਰਦੇ ਹੋਏ ਸਦਨ 'ਚੋਂ ਵਾਕਆਊਟ ਕਰ ਦਿੱਤਾ। 'ਆਪ' ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਮੁੱਦਾ ਚੁੱਕਿਆ ਕਿ ਪੰਜਾਬ ਦੇ ਭਗੌੜਿਆਂ ਦੀਆਂ ਤਸਵੀਰਾਂ ਜਨਤਕ ਥਾਵਾਂ 'ਤੇ ਲਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਇਸ ਦੇ ਜਵਾਬ 'ਚ ਪੰਜਾਬ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੈਪਟਨ ਵਲੋਂ ਜਵਾਬ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸਾਰਿਆਂ ਦੀਆਂ ਤਸਵੀਰਾਂ ਪਹਿਲਾਂ ਹੀ ਸਾਰੇ ਥਾਣਿਆਂ 'ਚ ਲੱਗੀਆਂ ਹੋਈਆਂ ਹਨ ਅਤੇ ਇਸ ਲਈ ਇਹ ਤਸਵੀਰਾਂ ਜਨਤਕ ਥਾਵਾਂ 'ਤੇ ਲਾਉਣ ਦੀ ਲੋੜ ਨਹੀਂ।

ਜਦੋਂ ਇਹ ਪਤਾ ਲੱਗਿਆ ਕਿ ਪੰਜਾਬ 'ਚ ਭਗੌੜੇ ਅਪਰਾਧੀਆਂ ਦੀ ਗਿਣਤੀ 7357 ਹੈ ਤਾਂ ਇਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚੋਂ ਵਾਕਆਊਟ ਕਰ ਦਿੱਤਾ। ਇਸ ਦੇ ਨਾਲ ਹੀ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬਿਆਨ ਨੂੰ ਭਾਰਤ ਦੇ ਵਿਰੋਧ 'ਚ ਦੱਸਦੇ ਹੋਏ ਕਿਹਾ ਕਿ ਵਿਧਾਨ ਸਭਾ 'ਚ ਉਨ੍ਹਾਂ ਖਿਲਾਫ ਨਿੰਦਾ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣਾ ਚਾਹੀਦਾ ਹੈ, ਜਿਸ ਦੀ ਇਜਾਜ਼ਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨਹੀਂ ਦਿੱਤੀ ਤਾਂ ਇਸ ਦੇ ਰੋਸ ਵਜੋਂ ਅਕਾਲੀ-ਭਾਜਪਾ ਨੇ ਵੀ ਸਦਨ 'ਚੋਂ ਵਾਕਆਊਟ ਕਰ ਦਿੱਤਾ।


author

Babita

Content Editor

Related News