ਪੰਜਾਬ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਡਿਜੀਟਲ ਠੱਗੀ! ਬਜ਼ੁਰਗ ਤੋਂ ਠੱਗੇ 20,00,00,000 ਰੁਪਏ, ਤਰੀਕਾ ਜਾਣ ਉੱਡਣਗੇ ਹੋਸ਼
Tuesday, Apr 21, 2026 - 03:22 PM (IST)
ਲੁਧਿਆਣਾ/ਮੋਹਾਲੀ (ਰਾਜ): ਸਾਈਬਰ ਅਪਰਾਧੀਆਂ ਨੇ ਠੱਗੀ ਦੀ ਦੁਨੀਆ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਕਾਰਨਾਮੇ ਨੂੰ ਅੰਜਾਮ ਦਿੰਦੇ ਹੋਏ ਲੁਧਿਆਣਾ ਦੇ ਇਕ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾਇਆ ਹੈ। 'ਪਿਗ ਬੁਚਰਿੰਗ' (Pig Butchering) ਤਕਨੀਕ ਦਾ ਇਸਤੇਮਾਲ ਕਰਕੇ ਸ਼ਾਤਰ ਠੱਗਾਂ ਨੇ ਸੀਨੀਅਰ ਸਿਟੀਜ਼ਨ ਜਗਦੀਪ ਸਿੰਘਲ ਦੀ ਉਮਰ ਭਰ ਦੀ ਕਮਾਈ 'ਤੇ ਡਾਕਾ ਮਾਰਦਿਆਂ ਕਰੀਬ 20 ਕਰੋੜ ਰੁਪਏ ਹੜੱਪ ਲਏ। ਇਸ ਨੂੰ ਪੰਜਾਬ ਦੇ ਇਤਿਹਾਸ ਵਿਚ ਕਿਸੇ ਇਕ ਵਿਅਕਤੀ ਨਾਲ ਹੋਈ ਹੁਣ ਤੱਕ ਦੀ ਸਭ ਤੋਂ ਵੱਡੀ ਡਿਜੀਟਲ ਠੱਗੀ ਮੰਨਿਆ ਜਾ ਰਿਹਾ ਹੈ। ਠੱਗਾਂ ਨੇ ਨਾ ਸਿਰਫ਼ ਬਜ਼ੁਰਗ ਨੂੰ ਕੰਗਾਲ ਕੀਤਾ, ਸਗੋਂ ਟੈਰਰ ਫੰਡਿੰਗ ਅਤੇ ਫਰਜ਼ੀ ਆਰ.ਬੀ.ਆਈ. (RBI) ਨੋਟਿਸ ਦਾ ਡਰ ਦਿਖਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਕੀਤਾ।
ਬਜ਼ੁਰਗ ਨਾਲ ਠੱਗੀ ਦਾ ਇਹ ਜਾਲ ਮਈ 2025 ਵਿਚ ਫੇਸਬੁੱਕ 'ਤੇ 'ਅਨਾਮਿਕਾ ਰਾਏ' ਨਾਂ ਦੀ ਇਕ ਔਰਤ ਦੀ ਫਰੈਂਡ ਰਿਕਵੈਸਟ ਨਾਲ ਸ਼ੁਰੂ ਹੋਇਆ। ਫੇਸਬੁੱਕ 'ਤੇ ਹੋਈ ਇਹ ਸਧਾਰਨ ਜਿਹੀ ਦੋਸਤੀ ਹੌਲੀ-ਹੌਲੀ ਡੂੰਘੀ ਹੁੰਦੀ ਗਈ ਅਤੇ ਠੱਗ ਔਰਤ ਨੇ ਪੀੜਤ ਦਾ ਅਟੁੱਟ ਵਿਸ਼ਵਾਸ ਜਿੱਤ ਲਿਆ। ਜਦੋਂ ਭਰੋਸਾ ਕਾਇਮ ਹੋ ਗਿਆ, ਤਾਂ 'ਕ੍ਰਿਪਟੋ ਕਵੀਨ' ਨੇ ਬਜ਼ੁਰਗ ਨੂੰ ਕ੍ਰਿਪਟੋ ਟ੍ਰੇਡਿੰਗ ਰਾਹੀਂ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਦਿਖਾਉਣਾ ਸ਼ੁਰੂ ਕਰ ਦਿੱਤਾ। ਠੱਗਾਂ ਨੇ ਪੀੜਤ ਨੂੰ 'ਕੁਆਇਨਐਕਸ-ਵੀਆਈਪੀ 2' (Coinex-VIP 2) ਨਾਂ ਦੀ ਇਕ ਅਜਿਹੀ ਫਰਜ਼ੀ ਵੈੱਬਸਾਈਟ 'ਤੇ ਈ-ਵਾਲਿਟ ਬਣਾਉਣ ਲਈ ਪ੍ਰੇਰਿਤ ਕੀਤਾ, ਜੋ ਹੂ-ਬ-ਹੂ ਕਿਸੇ ਅੰਤਰਰਾਸ਼ਟਰੀ ਟ੍ਰੇਡਿੰਗ ਪਲੇਟਫਾਰਮ ਵਰਗੀ ਦਿਖਦੀ ਸੀ। ਬਜ਼ੁਰਗ ਨੂੰ ਲੱਗਿਆ ਕਿ ਉਹ ਨਿਵੇਸ਼ ਕਰ ਰਹੇ ਹਨ, ਜਦਕਿ ਹਕੀਕਤ ਵਿਚ ਉਹ ਆਪਣੀ ਜਮ੍ਹਾਂ ਪੂੰਜੀ ਠੱਗਾਂ ਦੇ ਹਵਾਲੇ ਕਰ ਰਹੇ ਸਨ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਠੱਗਾਂ ਨੇ ਪੀੜਤ ਨੂੰ ਫਸਾਉਣ ਲਈ 'ਰਿਲੇਸ਼ਨ ਬਿਲਡਿੰਗ' ਦਾ ਸਹਾਰਾ ਲਿਆ। ਵੈੱਬਸਾਈਟ 'ਤੇ ਇਕ ਫਰਜ਼ੀ ਬੈਲੇਂਸ ਸ਼ੀਟ ਦਿਖਾਈ ਜਾਂਦੀ ਸੀ, ਜਿਸ ਵਿਚ ਬਜ਼ੁਰਗ ਦਾ ਮੁਨਾਫ਼ਾ ਕਰੋੜਾਂ ਵਿਚ ਵਧਦਾ ਹੋਇਆ ਨਜ਼ਰ ਆਉਂਦਾ ਸੀ। ਇਸ ਵਿਜ਼ੂਅਲ ਟ੍ਰਿਕ ਨੇ ਪੀੜਤ ਨੂੰ ਅਜਿਹਾ ਝਾਂਸਾ ਦਿੱਤਾ ਕਿ ਉਸ ਨੇ ਇਕ ਤੋਂ ਬਾਅਦ ਇਕ 15 ਬੈਂਕਾਂ ਦੇ 76 ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰ ਦਿੱਤੇ। ਜਦੋਂ ਬਜ਼ੁਰਗ ਨੇ ਆਪਣਾ ਮੁਨਾਫ਼ਾ ਕੱਢਣਾ ਚਾਹਿਆ, ਤਾਂ ਠੱਗਾਂ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਸਿਸਟਮ ਵਿਚ ਐਰਰ (Error) ਅਤੇ ਪੈਂਡਿੰਗ ਸਟੇਟਸ ਦਿਖਾ ਕੇ ਨਵੇਂ-ਨਵੇਂ ਚਾਰਜ ਮੰਗੇ ਗਏ ਅਤੇ ਅੰਤ ਵਿਚ ਟੈਰਰ ਫੰਡਿੰਗ ਦਾ ਖ਼ੌਫ਼ ਦਿਖਾ ਕੇ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ।
ਪੀੜਤ ਜਗਦੀਪ ਨੇ ਫਿਰ ਡੀ.ਜੀ.ਪੀ. (DGP) ਨੂੰ ਇਸ ਦੀ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਮੋਹਾਲੀ ਸਾਈਬਰ ਸੈੱਲ ਦੀ ਟੀਮ ਨੇ ਕੀਤੀ, ਤਾਂ ਮੋਹਾਲੀ ਪੁਲਸ ਦੀ ਜਾਂਚ ਵਿਚ ਇਹ ਸਨਸਨੀਖੇਜ਼ ਖੁਲਾਸਾ ਹੋਇਆ ਹੈ ਕਿ ਠੱਗਾਂ ਨੇ ਇਸ ਪੂਰੀ ਰਕਮ ਨੂੰ ਘੁਮਾਉਣ ਲਈ 76 'ਮਿਊਲ ਅਕਾਊਂਟਸ' (Mule Accounts) ਦੀ ਵਰਤੋਂ ਕੀਤੀ। ਇਨ੍ਹਾਂ ਖਾਤਿਆਂ ਰਾਹੀਂ ਕਰੋੜਾਂ ਰੁਪਏ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਕੇ ਵੱਖ-ਵੱਖ ਸ਼ਹਿਰਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਤਾਂ ਜੋ ਪੁਲਸ ਦੀ ਪਕੜ ਵਿਚ ਨਾ ਆ ਸਕਣ। ਸਾਈਬਰ ਮਾਹਿਰ ਇਸ ਨੂੰ ਠੱਗੀ ਦਾ ਪੇਸ਼ੇਵਰ ਤਰੀਕਾ ਮੰਨ ਰਹੇ ਹਨ ਜਿਸ ਵਿਚ ਪਹਿਲਾਂ ਸ਼ਿਕਾਰ ਨੂੰ 'ਖਿਲਾਇਆ-ਪਿਲਾਇਆ' ਜਾਂਦਾ ਹੈ (ਭਰੋਸਾ ਜਿੱਤਿਆ ਜਾਂਦਾ ਹੈ) ਅਤੇ ਫਿਰ ਇਕ ਝਟਕੇ ਵਿਚ 'ਹਲਾਲ' ਕਰ ਦਿੱਤਾ ਜਾਂਦਾ ਹੈ। ਫਿਲਹਾਲ ਮੋਹਾਲੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੈਂਕਾਂ ਨਾਲ ਮਿਲ ਕੇ ਟ੍ਰਾਂਜੈਕਸ਼ਨ ਟ੍ਰੇਲ ਖੰਗਾਲ ਰਹੀ ਹੈ ਤਾਂ ਜੋ ਇਸ ਗਿਰੋਹ ਦੇ ਮਾਸਟਰਮਾਈਂਡ ਤੱਕ ਪਹੁੰਚਿਆ ਜਾ ਸਕੇ। ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ 'ਤੇ ਅਜਨਬੀਆਂ ਨਾਲ ਵਿੱਤੀ ਜਾਣਕਾਰੀ ਸਾਂਝੀ ਕਰਨਾ ਬਹੁਤ ਖ਼ਤਰਨਾਕ ਹੈ।
