ਸੱਤੀ ਨੂੰ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨੀ ਤੋਂ ਹਟਾਉਣ ''ਤੇ ਔਰਤਾਂ ਤੇ ਕਲਾਕਾਰਾਂ ''ਚ ਰੋਸ ਦੀ ਲਹਿਰ

08/22/2017 7:34:20 PM

ਬੁਢਲਾਡਾ(ਮਨਜੀਤ)— ਕੈਪਟਨ ਸਰਕਾਰ ਵੱਲੋਂ ਅੱਜ ਪੰਜਾਬ ਦੀ ਉੱਘੀ ਗਾਇਕਾ ਸਤਿੰਦਰ ਸੱਤੀ ਨੂੰ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸੱਤੀ ਨੂੰ ਚੇਅਰਮੈਨੀ ਦੇ ਅਹੁਦੇ ਤੋਂ ਹਟਾਉਣ ਲਈ ਔਰਤਾਂ ਅਤੇ ਕਲਾਕਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਘੀ ਸਮਾਜ ਸੇਵਿਕਾ ਕਰਮਜੀਤ ਕੌਰ ਸਮਾਓ, ਸ਼ਰਨਜੀਤ ਕੌਰ ਚਹਿਲ, ਸੁਖਬੀਰ ਕੌਰ ਸਾਬਕਾ ਸਰਪੰਚ, ਸੂਰਜ ਕੌਰ ਖਿਆਲਾ, ਬੀਬੀ ਸੁਹਾਗ ਰਾਣੀ ਅਤੇ ਨਗਰ ਕੋਂਸਲ ਬੁਢਲਾਡਾ ਦੀ ਸਾਬਕਾ ਪ੍ਰਧਾਨ ਬੀਬੀ ਬਲਵੀਰ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਔਰਤਾਂ ਨੂੰ 50 ਫੀਸਦੀ ਸਰਕਾਰੀ ਅਹੁਦਿਆਂ 'ਤੇ ਬਿਰਾਜਮਾਨ ਕਰਨ ਦਾ ਵਾਅਦਾ ਕੀਤਾ ਹੈ ਜੋਕਿ ਇਕ ਸਿਆਸੀ ਸ਼ੋਸ਼ਾ ਸਿੱਧ ਹੋ ਰਿਹਾ ਹੈ, ਕਿਉਂਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨ ਉੱਘੀ ਗਾਇਕਾ ਸਤਿੰਦਰ ਸੱਤੀ ਨੂੰ ਨਿਯੁਕਤ ਕਰਕੇ ਸੱਭਿਆਚਾਰ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਜ਼ਿੰਮੇਵਾਰੀ ਸੱਤੀ ਨੂੰ ਸੌਂਪੀ ਗਈ ਸੀ, ਜੋਕਿ ਮੌਜੂਦਾ ਕੈਪਟਨ ਸਰਕਾਰ ਨੇ ਸੱਤੀ ਨੂੰ ਚੇਅਰਮੈਨੀ ਦੇ ਅਹੁਦੇ ਤੋਂ ਹਟਾ ਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਵਾਅਦੇ ਵੋਟਾਂ ਵਟੋਰਨ ਲਈ ਸੀ। 
ਉਨ੍ਹਾਂ ਕਿਹਾ ਕਿ ਸੱਤੀ ਦੇ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨ ਹੁੰਦਿਆਂ ਹੋਇਆ ਆਪਣੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਉਂਦਿਆ ਹੋਇਆ ਨਿੱਕੇ-ਨਿੱਕੇ ਪਿੰਡਾਂ ਅਤੇ ਇਲੈਕਟ੍ਰੋਨਿਕ, ਪ੍ਰਿੰਟ ਮੀਡੀਆ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦੇ ਅਸੰਭਵ ਯਤਨ ਕੀਤੇ। ਇਨ੍ਹਾਂ ਵੱਲੋਂ ਤੀਆਂ ਦੇ ਤਿਉਹਾਰ ਨੂੰ ਮਾਲਵੇ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਘਰੇਲੂ ਔਰਤਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਸਮਾਗਮਾਂ ਵਿੱਚ ਲਿਆਂਦਾ ਗਿਆ ਅਤੇ ਔਰਤਾਂ ਨੂੰ ਸਮਾਜ ਪ੍ਰਤੀ ਬਣਦੇ ਫਰਜ਼ਾਂ ਦੀ ਜਾਣਕਾਰੀ ਦੇ ਕੇ ਸਾਬਤ ਕਰਨ ਦਾ ਯਤਨ ਕੀਤਾ ਕਿ ਔਰਤਾਂ ਵੀ ਕਿਸੇ ਗੱਲੋਂ ਮਰਦਾਂ ਨਾਲੋਂ ਘੱਟ ਨਹੀਂ ਹਨ। ਇਨ੍ਹਾਂ ਨੇ ਆਪਣੀ ਸ਼ਾਇਰੋ-ਸ਼ਾਇਰੀ ਰਾਹੀਂ ਔਰਤਾਂ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਗਏ ਯੋਗਦਾਨ ਦਾ ਵੀ ਵਿਲੱਖਣ ਢੰਗ ਨਾਲ ਜਾਣਕਰੀ ਦੇ ਕੇ ਔਰਤਾਂ ਨੂੰ ਉਤਸ਼ਾਹਤ ਕੀਤਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਚਨਚੇਤ ਉੱਘੀ ਗਾਇਕਾ ਇਮਾਨਦਾਰ ਸਤਿੰਦਰ ਸੱਤੀ ਨੂੰ ਚੇਅਰਮੈਨੀ ਦੇ ਅਹੁਦਾ ਤੋਂ ਹਟਾ ਕੇ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਈ ਹੈ।  
ਇਕ ਪੰਜਾਬੀ ਰੰਗ ਮੰਚ ਨਾਲ ਸੰਬੰਧਤ ਮੈਂਬਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਕਲਾਕਾਰ ਸਰਬ ਸਾਂਝੇ ਹੁੰਦੇ ਹਨ, ਇਨ੍ਹਾਂ ਨੂੰ ਕਿਸੇ ਸਿਆਸੀ ਪਾਰਟੀ ਨਾਲ ਜੋੜਨਾ ਗਲਤ ਹੈ। ਸੱਭਿਆਚਾਰ ਕੌਂਸਲ ਵਿੱਚ ਵੱਧ ਰਹੀ ਸਿਆਸੀ ਦਖਲ ਅੰਦਾਜ਼ੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਨੇ ਸੱਤੀ ਵੱਲੋਂ ਚੇਅਰਮੈਨ ਹੁੰਦਿਆਂ ਨਿਭਾਏ ਰੋਲ ਦੀ ਵੀ ਸ਼ਲਾਂਘਾ ਕੀਤੀ।


Related News