ਹਾਈਕੋਰਟ ਦਾ ਅਹਿਮ ਫ਼ੈਸਲਾ, ਜਨਮ ਦੇਣ ਵਾਲੀ ਮਾਂ-ਗੋਦ ਲੈਣ ਵਾਲੀ ਮਾਂ ਵੀ ਹੋ ਸਕਦੀ ਹੈ
Tuesday, Jul 26, 2022 - 12:31 PM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਮਾਂ ਪਹਿਲੇ ਪਤੀ ਤੋਂ ਹੋਏ ਆਪਣੇ ਬੱਚੇ ਨੂੰ ਗੋਦ ਲੈ ਸਕਦੀ ਹੈ। ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਬੈਂਚ ਨੇ ਕਿਹਾ ਕਿ ਜੇਕਰ ਪਹਿਲਾ ਪਤੀ ਬੱਚੇ ਨੂੰ ਗੋਦ ਦੇਣ ਲਈ ਰਾਜ਼ੀ ਹੈ ਤਾਂ ਫਿਰ ਪਤਨੀ ਆਪਣੇ ਦੂਜੇ ਪਤੀ ਨਾਲ ਉਸ ਬੱਚੇ ਨੂੰ ਗੋਦ ਲੈ ਸਕਦੀ ਹੈ।
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੱਚਾ ਗੋਦ ਲੈਣ ਵਾਲੀ ਅਰਜ਼ੀ ਸਿਰਫ ਇਸ ਆਧਾਰ 'ਤੇ ਖਾਰਜ ਨਹੀਂ ਕੀਤੀ ਜਾ ਸਕਦੀ ਕਿ ਮਾਂ ਦਾ ਦੋਹਰਾ ਦਰਜਾ ਨਹੀਂ ਹੋ ਸਕਦਾ ਅਤੇ ਜਨਮ ਦੇਣ ਵਾਲੀ ਮਾਂ ਗੋਦ ਲੈਣ ਵਾਲੀ ਮਾਂ ਵੀ ਹੋ ਸਕਦੀ ਹੈ।
ਦਰਅਸਲ ਇਕ ਔਰਤ ਨੇ ਪਟੀਸ਼ਨ 'ਚ ਕਿਹਾ ਸੀ ਕਿ ਉਸ ਦੇ ਪਹਿਲਾ ਵਿਆਹ ਤੋਂ 9 ਜੁਲਾਈ, 2012 ਨੂੰ ਉਨ੍ਹਾਂ ਘਰ ਧੀ ਪੈਦਾ ਹੋਈ। ਲੜਾਈ-ਝਗੜੇ ਕਾਰਨ ਅਪ੍ਰੈਲ, 2016 'ਚ ਉਸ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਲੈ ਲਿਆ ਅਤੇ ਫਿਰ 30 ਸਤੰਬਰ, 2017 ਨੂੰ ਦੂਜਾ ਵਿਆਹ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਧੀ ਨੂੰ ਗੋਦ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ।