ਪੰਜਾਬ ਵਿਚ ਝੋਨੇ ਦੀ ਲਵਾਈ ਸ਼ੁਰੂ, ਟਿਊਬਵੈੱਲਾਂ ਲਈ ਇੰਨੀ ਮਿਲੇਗੀ ਬਿਜਲੀ

06/13/2019 5:14:40 PM

ਗੁਰਦਾਸਪੁਰ, (ਹਰਮਨਪ੍ਰੀਤ)— ਪੰਜਾਬ 'ਚ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ। ਇਸ ਸੰਬੰਧੀ ਖੇਤੀਬਾੜੀ ਵਿਭਾਗ ਤੇ ਪਾਵਰਕਾਮ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਪਲਾਈ ਮਿਲੇਗੀ, ਜਦੋਂ ਕਿ ਸਿੰਚਾਈ ਵਿਭਾਗ ਵੱਲੋਂ ਨਹਿਰਾਂ 'ਚ ਪਾਣੀ ਤਾਂ ਛੱਡਿਆ ਗਿਆ ਹੈ ਪਰ ਕਈ ਰਜਬਾਹੇ ਅਜੇ ਵੀ ਸਫਾਈ ਨੂੰ ਤਰਸ ਰਹੇ ਹਨ।ਇਸ ਵਾਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਕਿੱਲਤ ਦਾ ਸਾਹਮਣਾ ਤਾਂ ਕਰਨਾ ਪੈ ਹੀ ਰਿਹਾ ਹੈ ਸਗੋਂ ਕਈ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਦੀ ਪਨੀਰੀ ਤਿਆਰ ਨਹੀਂ ਹੋਈ, ਜਿਸ ਕਾਰਨ ਝੋਨੇ ਦੀ ਲਵਾਈ ਦਾ ਕੰਮ ਕੁਝ ਦਿਨਾਂ ਬਾਅਦ ਹੀ ਤੇਜ਼ ਹੋਵੇਗਾ।

ਟਿਊਬਵੈੱਲਾਂ 'ਤੇ ਨਿਰਭਰ ਰਕਬਾ-
ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁੱਲ ਖੇਤੀਯੋਗ ਰਕਬੇ 'ਚੋਂ 29 ਲੱਖ 54 ਹਜ਼ਾਰ ਹੈਕਟੇਅਰ ਰਕਬਾ ਟਿਊਬਵੈੱਲਾਂ 'ਤੇ ਨਿਰਭਰ ਕਰਦਾ ਹੈ, ਜਦੋਂ ਕਿ 11 ਲੱਖ 16 ਹਜ਼ਾਰ ਰਕਬੇ ਦੀ ਸਿੰਚਾਈ ਨਹਿਰੀ ਪਾਣੀ 'ਤੇ ਨਿਰਭਰ ਕਰਦੀ ਹੈ।ਬਿਜਲੀ 'ਤੇ ਚੱਲਣ ਵਾਲੇ ਟਿਊਬਵੈੱਲਾਂ ਨੂੰ ਤਿੰਨ ਫ਼ੇਜ਼ ਬਿਜਲੀ ਸਪਲਾਈ ਦੇਣ ਲਈ ਪਾਵਰ ਕਾਰਪੋਰੇਸ਼ਨ ਨੂੰ 12 ਹਜ਼ਾਰ ਮੈਗਾਵਾਟ ਸਪਲਾਈ ਦੀ ਜ਼ਰੂਰਤ ਹੈ, ਜਿਸ ਸਬੰਧੀ ਪਾਵਰਕਾਮ ਨੇ ਪੰਜਾਬ ਦੇ ਵੱਖ-ਵੱਖ ਸਰਕਲਾਂ 'ਚ ਬਿਜਲੀ ਸਪਲਾਈ ਦੀ ਵੰਡ ਕਰ ਕੇ ਬਾਕਾਇਦਾ 8 ਘੰਟੇ ਨਿਰਵਿਘਨ ਬਿਜਲੀ ਦੇਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ ਪਰ ਨਹਿਰਾਂ 'ਚ ਪਾਣੀ ਛੱਡਣ ਅਤੇ ਰਜਬਾਹਿਆਂ ਦੇ ਮਾਮਲੇ 'ਚ ਕਿਸਾਨ ਸੰਤੁਸ਼ਟ ਨਹੀਂ ਹਨ।

 

PunjabKesari

ਕੀ ਕਹਿੰਦੇ ਹਨ ਖੇਤੀਬਾੜੀ ਮਾਹਰ-
ਖੇਤੀਬਾੜੀ ਮਾਹਰਾਂ ਦੀ ਕਿਸਾਨਾਂ ਨੂੰ ਅਪੀਲ ਹੈ ਕਿ ਜੇਕਰ ਪਿਛਲੇ ਸੀਜ਼ਨ 'ਚ ਕਣਕ ਦੀ ਫਸਲ ਨੂੰ ਡਾਇਆ ਖਾਦ ਪਾਈ ਸੀ ਤਾਂ ਉਸ ਖੇਤ 'ਚ ਝੋਨੇ ਦੀ ਲਵਾਈ ਮੌਕੇ ਇਹ ਖਾਦ ਫਿਰ ਨਾ ਵਰਤੀ ਜਾਵੇ।ਬੇਸ਼ੱਕ ਸਰਕਾਰ ਨੇ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਕਿਸਾਨਾਂ ਨੂੰ ਪੂਰਾ ਸੰਜਮ ਰੱਖ ਕੇ ਕੁਝ ਦਿਨ ਹੋਰ ਰੁਕਣ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਦਿਨਾਂ 'ਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਹੁਣ ਤੋਂ ਹੀ ਲਾਏ ਗਏ ਝੋਨੇ ਨੂੰ ਬਚਾਉਣ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪਵੇਗੀ।

ਪਾਣੀ ਬਚਾਉਣ ਦੀ ਕੋਸ਼ਿਸ਼-
ਖੇਤੀਬਾੜੀ ਵਿਭਾਗ ਨੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਸ ਵਾਰ ਪੰਜਾਬ ਅੰਦਰ ਨਰਮੇ ਹੇਠਲਾ ਰਕਬਾ ਵਧਾਉਣ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਹੁਣ ਝੋਨੇ ਹੇਠੋਂ ਰਕਬਾ ਘਟਾ ਕੇ ਮੱਕੀ ਹੇਠਲਾ ਰਕਬਾ ਵਧਾਉਣ ਦੀ ਵੀ ਕੋਸ਼ਿਸ ਕੀਤੀ ਜਾ ਰਹੀ ਹੈ।ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ 'ਚ 31 ਲੱਖ 50 ਹਜ਼ਾਰ ਹੈੱਕਟੇਅਰ ਰਕਬੇ 'ਚ ਝੋਨੇ ਦੀ ਫਸਲ ਸੀ, ਜਿਸ 'ਚ ਕਰੀਬ 5 ਲੱਖ 46 ਹਜ਼ਾਰ ਹੈੱਕਟੇਅਰ ਰਕਬਾ ਬਾਸਮਤੀ ਹੇਠ ਸੀ, ਜਦੋਂ ਕਿ ਬਾਕੀ ਰਕਬਾ ਪਰਮਲ ਤੇ ਝੋਨੇ ਦੀਆਂ ਕਿਸਮਾਂ ਹੇਠ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿਰਫ 30 ਲੱਖ ਹੈੱਕਟੇਅਰ ਰਕਬੇ 'ਚ ਹੀ ਝੋਨੇ ਦੀ ਕਾਸ਼ਤ ਕਰਵਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ, ਜਿਸ 'ਚੋਂ 25 ਲੱਖ ਹੈੱਕਟੇਅਰ ਰਕਬੇ 'ਚ ਪਰਮਲ ਅਤੇ 5 ਲੱਖ ਹੈੱਕਟੇਅਰ 'ਚ ਬਾਸਮਤੀ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ।


Related News