ਸਿਵਲ ਹਸਪਤਾਲ ''ਚ ਖੁੱਲ੍ਹੇਗਾ ਪੰਜਾਬ ਦਾ ਪਹਿਲਾ ਡੈਂਟਲ ਟਰੋਮਾ ਸੈਂਟਰ

Wednesday, Apr 04, 2018 - 02:19 AM (IST)

ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਵੱਲੋਂ ਜ਼ਿਲਾ ਅੰਮ੍ਰਿਤਸਰ ਦੇ ਸਰਕਾਰੀ ਸਿਵਲ ਹਸਪਤਾਲ 'ਚ ਪੰਜਾਬ ਦਾ ਪਹਿਲਾ ਡੈਂਟਲ ਟਰੋਮਾ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿਚ ਮਰੀਜ਼ਾਂ ਨੂੰ ਜਿਥੇ 24 ਘੰਟੇ ਦੰਦਾਂ ਨਾਲ ਸਬੰਧਤ ਐਮਰਜੈਂਸੀ ਸੇਵਾਵਾਂ ਦਾ ਲਾਭ ਮਿਲੇਗਾ, ਉਥੇ ਹੀ ਸੈਂਟਰ 'ਚ ਮਾਹਿਰ ਡਾਕਟਰਾਂ ਦੀ ਅਗਵਾਈ ਵਿਚ ਦੰਦਾਂ ਦੀ ਮੇਜਰ ਸਰਜਰੀ ਵੀ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਡੈਂਟਲ ਟਰੋਮਾ ਸੈਂਟਰ ਸ਼ੁਰੂ ਕਰਨ ਦਾ ਮੁੱਖ ਮਕਸਦ ਬਾਰਡਰ ਏਰੀਏ ਨਾਲ ਸਬੰਧਤ ਜ਼ਿਲਿਆਂ ਦੇ ਮਰੀਜ਼ਾਂ ਨੂੰ ਸਹੀ ਸਮੇਂ 'ਤੇ ਲਾਭ ਦੇਣਾ ਹੈ। ਵਿਭਾਗ ਵੱਲੋਂ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਆਰਥੋ ਟਰੋਮਾ ਸੈਂਟਰ ਸਿਵਲ ਹਸਪਤਾਲ 'ਚ ਸਥਾਪਤ ਕੀਤਾ ਗਿਆ ਸੀ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵੱਲੋਂ ਡੈਂਟਲ ਟਰੋਮਾ ਸੈਂਟਰ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਸਿਵਲ ਹਸਪਤਾਲ ਟਰੋਮਾ ਸੈਂਟਰ ਲਈ ਵਿਸ਼ੇਸ਼ ਕਮਰੇ ਤੇ ਆਪ੍ਰੇਸ਼ਨ ਥੀਏਟਰ ਤਿਆਰ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਉਕਤ ਸੈਂਟਰ ਦੇ ਸਾਰਥਕ ਸਿੱਟੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਹੋਰਨਾਂ ਜ਼ਿਲਿਆਂ 'ਚ ਡੈਂਟਲ ਟਰੋਮਾ ਸੈਂਟਰ ਖੋਲ੍ਹਣ ਦੀ ਤਜਵੀਜ਼ ਹੈ। ਸਿਵਲ ਹਸਪਤਾਲ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਦੇ ਬਾਕੀ ਹਸਪਤਾਲਾਂ 'ਚ ਮੋਹਰੀ ਹੈ, ਇਸੇ ਲਈ ਉਕਤ ਹਸਪਤਾਲ 'ਚ ਡੈਂਟਲ ਟਰੋਮਾ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਦਾ ਵਾਅਦਾ ਹੋਇਆ ਵਫਾ
ਸਿਹਤ ਵਿਭਾਗ ਦੇ ਰਾਜ ਪੱਧਰੀ ਡੈਂਟਲ ਵਿੰਗ ਵੱਲੋਂ ਆਯੋਜਿਤ ਅੰਮ੍ਰਿਤਸਰ 'ਚ ਸ਼ਿਰਕਤ ਕਰਨ ਆਏ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਡੈਂਟਲ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਏ ਸਨ, ਮੰਤਰੀ ਨੇ ਅੰਮ੍ਰਿਤਸਰ ਵਿਚ ਪੰਜਾਬ ਦਾ ਪਹਿਲਾ ਟਰੋਮਾ ਸੈਂਟਰ ਖੋਲ੍ਹਣ ਦਾ ਜਨਤਾ ਨਾਲ ਵਾਅਦਾ ਕੀਤਾ ਸੀ, ਜਿਸ ਨੂੰ ਵਿਭਾਗ ਨੇ ਅਮਲੀਜਾਮਾ ਪਹਿਨਾ ਦਿੱਤਾ ਹੈ। 
ਅਤਿ-ਆਧੁਨਿਕ ਮਸ਼ੀਨਰੀ ਹੋਵੇਗੀ ਸਥਾਪਤ
ਡੈਂਟਲ ਟਰੋਮਾ ਸੈਂਟਰ ਵਿਚ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਮਸ਼ੀਨਰੀ ਸਥਾਪਤ ਹੋਵੇਗੀ। ਮਰੀਜ਼ਾਂ ਦੀ ਸਹੂਲਤ ਲਈ ਡਿਜੀਟਲ ਐਕਸਰੇ ਮਸ਼ੀਨ ਤੇ ਡੈਂਟਲ ਚੇਅਰ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ ਸੈਂਟਰ ਵਿਚ ਆਪਣੀਆਂ ਸੇਵਾਵਾਂ ਦੇਵੇਗੀ। ਸਰਕਾਰ ਵੱਲੋਂ ਸੈਂਟਰ ਲਈ 6 ਲੱਖ ਰੁਪਏ ਤੋਂ ਵੱਧ ਦੀ ਨਵੀ ਮਸ਼ੀਨਰੀ ਖਰੀਦੀ ਗਈ ਹੈ।
ਲੱਖਾਂ ਦਾ ਇਲਾਜ ਹੋਵੇਗਾ ਹੁਣ ਥੋੜ੍ਹੇ ਪੈਸਿਆਂ 'ਚ
ਸੜਕ ਦੁਰਘਟਨਾ 'ਚ ਜ਼ਖਮੀ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਪਹਿਲਾਂ ਸਰਕਾਰੀ ਹਸਪਤਾਲਾਂ ਵਿਚ ਨਹੀਂ ਹੁੰਦਾ ਸੀ। ਮਰੀਜ਼ਾਂ ਨੂੰ ਮਜਬੂਰ ਹੋ ਕੇ ਪ੍ਰਾਈਵੇਟ ਹਸਪਤਾਲ ਵਿਚ ਜਾਣਾ ਪੈਂਦਾ ਸੀ। ਪ੍ਰਾਈਵੇਟ ਕੇਂਦਰਾਂ ਵਾਲੇ ਇਲਾਜ ਲਈ ਲੱਖਾਂ ਰੁਪਏ ਲੈਂਦੇ ਸਨ, ਜਦਕਿ ਹੁਣ ਟਰੋਮਾ ਸੈਂਟਰ ਵਿਚ ਇਹ ਇਲਾਜ ਸਰਕਾਰੀ ਫੀਸ 'ਤੇ ਆਧਾਰਿਤ ਹੀ ਸੀਮਤ ਹੋਵੇਗਾ।
ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਚ 5 ਅਪ੍ਰੈਲ ਨੂੰ ਡੈਂਟਲ ਟਰੋਮਾ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਖੁਦ ਲੋਕਾਂ ਨੂੰ ਸਮਰਪਿਤ ਕਰਨ ਲਈ ਅੰਮ੍ਰਿਤਸਰ ਆ ਰਹੇ ਹਨ। ਟਰੋਮਾ ਸੈਂਟਰ ਨਾਲ ਮਰੀਜ਼ਾਂ ਨੂੰ ਕਾਫੀ ਲਾਭ ਮਿਲੇਗਾ। ਵਿਭਾਗ ਦਾ ਡੈਂਟਲ ਵਿੰਗ ਹਮੇਸ਼ਾ ਹੀ ਮਰੀਜ਼ਾਂ ਨੂੰ ਹਰ ਸੰਭਵ ਇਲਾਜ ਦੇਣ ਲਈ ਯਤਨਸ਼ੀਲ ਰਿਹਾ ਹੈ। ਮੰਤਰੀ ਡੈਂਟਲ ਵਿੰਗ ਨੂੰ ਵਿਕਸਿਤ ਕਰਨ ਲਈ ਕਾਫੀ ਉਤਸ਼ਾਹਿਤ ਹਨ।
-ਡਾ. ਸ਼ਰਨਜੀਤ ਕੌਰ ਸਿੱਧੂ, ਡਿਪਟੀ ਡਾਇਰੈਕਟਰ ਡੈਂਟਲ-ਕਮ-ਜ਼ਿਲਾ ਡੈਂਟਲ ਸਿਹਤ ਅਫਸਰ
ਸਿਹਤ ਵਿਭਾਗ ਦਾ ਦਿਲੋਂ ਧੰਨਵਾਦ ਹੈ ਕਿ ਉਸ ਵੱਲੋਂ ਸਿਵਲ ਹਸਪਤਾਲ ਨੂੰ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਬਣਾਉਂਦਿਆਂ ਪੰਜਾਬ ਦਾ ਪਹਿਲਾ ਡੈਂਟਲ ਟਰੋਮਾ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿਚ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਆਦਿ ਜ਼ਿਲਿਆਂ ਦੇ ਮਰੀਜ਼ਾਂ ਨੂੰ ਲਾਭ ਮਿਲੇਗਾ। ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਦਾ ਖਾਸ ਧਿਆਨ ਰੱਖਿਆ ਜਾਵੇਗਾ।
-ਡਾ. ਚਰਨਜੀਤ, ਇੰਚਾਰਜ ਸਿਵਲ ਹਸਪਤਾਲ ਅੰਮ੍ਰਿਤਸਰ 
ਜ਼ਿਲਾ ਡੈਂਟਲ ਸਿਹਤ ਅਫਸਰ ਡਾ. ਸ਼ਰਨਜੀਤ ਕੌਰ ਸਿੱਧੂ ਦੀ ਅਗਵਾਈ 'ਚ ਜ਼ਿਲੇ ਦੇ ਡੈਂਟਲ ਡਾਕਟਰ ਚੰਗੀਆਂ ਸੇਵਾਵਾਂ ਮਰੀਜ਼ਾਂ ਨੂੰ ਦੇ ਰਹੇ ਹਨ। ਅੰਮ੍ਰਿਤਸਰ ਜ਼ਿਲੇ ਲਈ ਮਾਣ ਵਾਲੀ ਗੱਲ ਹੈ ਕਿ ਇਥੇ ਪੰਜਾਬ ਦਾ ਪਹਿਲਾ ਡੈਂਟਲ ਟਰੋਮਾ ਸੈਂਟਰ ਖੁੱਲ੍ਹ ਰਿਹਾ ਹੈ। ਅੰਮ੍ਰਿਤਸਰ ਜ਼ਿਲਾ ਹਮੇਸ਼ਾ ਹੀ ਚੰਗੀਆਂ ਸਰਕਾਰੀ ਸਿਹਤ ਸੇਵਾਵਾਂ ਲਈ ਪ੍ਰਸਿੱਧ ਰਿਹਾ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਇਕੋ ਸੋਚ ਹੈ ਕਿ ਲੋੜਵੰਦ ਮਰੀਜ਼ਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ।
-ਡਾ. ਹਰਦੀਪ ਸਿੰਘ ਘਈ, ਸਿਵਲ ਸਰਜਨ ਅੰਮ੍ਰਿਤਸਰ


Related News