ਪੰਜਾਬ ’ਚ ਹੁਣ ਬਣਨਗੀਆਂ ਪਲਾਸਟਿਕ ਮਿਸ਼ਰਤ ਸੜਕਾਂ

08/27/2019 10:48:18 AM

ਅੰਮ੍ਰਿਤਸਰ (ਇੰਦਰਜੀਤ) : ਪਲਾਸਟਿਕ ਦੀ ਵੇਸਟ ਨਾਲ ਜੂਝ ਰਹੇ ਪੰਜਾਬ ਲਈ ਇਹ ਖਬਰ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗੀ ਕਿ ਦੇਸ਼ ਭਰ ’ਚ ਕਈ ਥਾਵਾਂ ’ਤੇ ਵਾਤਾਵਰਣ ਲਈ ਖਤਰਨਾਕ ਬਣ ਚੁੱਕੇ ਇਨ੍ਹਾਂ ਲਿਫਾਫਿਆਂ ਦਾ ਹੱਲ ਹੋ ਚੁੱਕਾ ਹੈ। ਕਈ ਸੂਬਿਆਂ ’ਚ ਇਨ੍ਹਾਂ ਦੀ ਸਡ਼ਕ ਉਸਾਰੀ ਲਈ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਪਲਾਸਟਿਕ ਦੀ ਵੇਸਟ ਪੋਲੀਪੈਕ ਦਾ ਵਾਤਾਵਰਣ ’ਤੇੇ ਕੋਈ ਅਸਰ ਨਹੀਂ ਹੋਵੇਗਾ ਤੇ ਇਨ੍ਹਾਂ ਤੋਂ ਬਣਨ ਵਾਲੀਆਂ ਸਡ਼ਕਾਂ ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਪੱਕੀਆਂ ਹੋਣਗੀਆਂ।

ਪਿਛਲੇ ਲੰਮੇ ਸਮੇਂ ਤੋਂ ਵੇਸਟ ਕੈਰੀਬੈਗ ਨੂੰ ਖਤਮ ਕਰਨ ਲਈ ਸਰਕਾਰ ਕਈ ਤਰ੍ਹਾਂ ਦੇ ਕਾਨੂੰਨ ਬਣਾ ਚੁੱਕੀ ਹੈ, ਜਿਨ੍ਹਾਂ ’ਚ ਪਲਾਸਟਿਕ ਦੇ ਲਿਫਾਫਿਆਂ ਦੇ ਪ੍ਰਯੋਗ ’ਤੇ ਰੋਕ ਵੀ ਲਾ ਦਿੱਤੀ ਗਈ ਹੈ। ਇਸ ਦਾ ਕੋਈ ਬਦਲ ਨਾ ਹੋਣ ਕਾਰਨ ਲੋਕ ਇਨ੍ਹਾਂ ਲਿਫਾਫਿਆਂ ਨੂੰ ਇਸਤੇਮਾਲ ਕਰਨ ਲਈ ਮਜਬੂਰ ਹਨ ਕਿਉਂਕਿ ਕਾਗਜ਼ ਨਾਲ ਬਣੇ ਲਿਫਾਫੇ ਇੰਨੇ ਕਮਜ਼ੋਰ ਹਨ ਕਿ ਇਨ੍ਹਾਂ ’ਚ ਸਾਮਾਨ ਭਰ ਕੇ ਲਿਆਉਣਾ ਮੁਸ਼ਕਿਲ ਹੈ। ਦੂਜੇ ਪਾਸੇ ਪਾਣੀ ਦੀ ਮਾਰ ਨੂੰ ਸਹਿਣ ਲਈ ਕਾਗਜ਼ ਦੇ ਲਿਫਾਫੇ ਕਾਰਗਰ ਨਹੀਂ ਹਨ, ਜਦਕਿ ਡਿਸਪੋਜ਼ਲ ਲਿਫਾਫੇ ਮਹਿੰਗੇ ਹਨ, ਜਿਨ੍ਹਾਂ ਨੂੰ ਬਣਾਉਣ ਦਾ ਪ੍ਰੋਸੈੱਸ ਆਮ ਨਿਰਮਾਤਾਵਾਂ ਕੋਲ ਨਹੀਂ ਹੈ।

ਇਸ ਤਰ੍ਹਾਂ ਵਰਤੋਂ ਹੁੰਦੀ ਹੈ ਸਡ਼ਕਾਂ ’ਤੇ

ਸਡ਼ਕਾਂ ਬਣਾਉਣ ਲਈ ਉਪਰਲੇ ਹਿੱਸੇ ’ਚ ਵਿਛਾਏ ਕਾਰਪੈੱਟ ’ਚ ਤਾਰਕੋਲ ਦੇ ਨਾਲ-ਨਾਲ ਕ੍ਰੈਸ਼ਰ ਮਿਕਸ ਕਰ ਕੇ ਉਸ ਨੂੰ ਸਡ਼ਕਾਂ ’ਤੇੇ ਵਿਛਾ ਦਿੱਤਾ ਜਾਂਦਾ ਹੈ, ਉਪਰੰਤ ਰੋਡ ਰੋਲਰ ਨਾਲ ਸਡ਼ਕਾਂ ਨੂੰ ਪੱਧਰਾ ਕੀਤਾ ਜਾਂਦਾ ਹੈ। ਇਸ ਵਿਚ ਤਾਰਕੋਲ ਦੀ ਵਿਛਾਈ ਤੈਅ ’ਚ ਪਲਾਸਟਿਕ ਦੇ ਲਿਫਾਫੇ ਨੂੰ 170 ਡਿਗਰੀ ਸੈਲਸੀਅਸ ਦੀ ਹੀਟ ਦੇ ਕੇ ਤਾਰਕੋਲ ਨਾਲ ਮਿਕਸ ਕਰ ਲਿਆ ਜਾਂਦਾ ਹੈ। ਇਹ ਵੇਸਟ ਪਲਾਸਟਿਕ ਦੇ ਲਿਫਾਫੇ ਦੀ ਹੋਂਦ ਨੂੰ ਖ਼ਤਮ ਕਰ ਦਿੰਦਾ ਹੈ। ਇਸ ਵਿਚ ਤਾਰਕੋਲ ਨਾਲ ਵੇਸਟ ਪਲਾਸਟਿਕ ਜਿਸ ਨੂੰ ਛੋਟੇ-ਛੋਟੇ ਟੁਕਡ਼ੇ ਕਰ ਕੇ ਮਿਕਸ ਕੀਤਾ ਜਾਂਦਾ ਹੈ, ਦੀ ਮਾਤਰਾ 10 ਫ਼ੀਸਦੀ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਜੇਕਰ 1 ਕਿਲੋਮੀਟਰ ਸਡ਼ਕ ਬਣੇ ਤਾਂ 100 ਮੀਟਰ ਸਡ਼ਕ ਵੇਸਟ ਲਿਫਾਫੇ ਆਪਣੀ ਹੋਂਦ ’ਚ ਲੈ ਲੈਂਦੇ ਹਨ। ਦੱਖਣ ਭਾਰਤੀ ਖੇਤਰ ਦੇ ਵਿਗਿਆਨੀ ਜਿਨ੍ਹਾਂ ਨੇ ਇਸ ਫਾਰਮੂਲੇ ਨੂੰ ਤਿਆਰ ਕੀਤਾ ਹੈ, ਦਾ ਦਾਅਵਾ ਹੈ ਕਿ ਜੇਕਰ ਤਾਰਕੋਲ ’ਚ ਪਲਾਸਟਿਕ ਦਾ ਵੇਸਟ ਲਿਫਾਫਾ ਪ੍ਰਯੋਗ ਕੀਤਾ ਜਾਵੇ ਤਾਂ ਇਸ ਤੋਂ ਬਣੀ ਸਡ਼ਕ ਨੂੰ 10 ਸਾਲ ਤੱਕ ਮੁਰੰਮਤ ਕਰਨ ਦੀ ਲੋੜ ਨਹੀਂ ਹੁੰਦੀ। ਆਮ ਮਟੀਰੀਅਲ ਦੀ ਬਜਾਏ ਪਲਾਸਟਿਕ ਦੇ ਮਿਸ਼ਰਣ ਨਾਲ ਬਣੀ ਸਡ਼ਕ ਵੱਧ ਮੁਲਾਇਮ ਅਤੇ ਮਜ਼ਬੂਤ ਹੁੰਦੀ ਹੈ। ਸਡ਼ਕ ’ਤੇ ਛੋਟੇ-ਛੋਟੇ ਟੋਏ ਪੈਣ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹੁੰਦੀਆਂ ਹਨ।

11 ਸੂਬਿਆਂ ’ਚ ਬਣੀਆਂ ਹਨ ਸਡ਼ਕਾਂ

ਇਸ ਫਾਰਮੂਲੇ ਨੂੰ ਅਪਨਾਉਣ ’ਚ ਭਾਰਤ ਦੇ ਹੀ 11 ਸੂਬੇ ਅੱਗੇ ਆਏ ਹਨ। ਇਸ ਸਡ਼ਕ ਦੀ 1 ਲੱਖ ਕਿਲੋਮੀਟਰ ਦੀ ਉਸਾਰੀ ਹੋ ਚੁੱਕੀ ਹੈ, ਜਿਨ੍ਹਾਂ ’ਚ ਤਾਮਿਲਨਾਡੂ, ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਗੋਆ, ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ, ਮੇਘਾਲਿਆ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ, ਜਦਕਿ ਹਰਿਆਣਾ ਦੇ ਗੁਡ਼ਗਾਓਂ ’ਚ ਵੀ ਇਸ ਫਾਰਮੂਲੇ ਨਾਲ ਸਡ਼ਕਾਂ ਸਫਲਤਾਪੂਰਵਕ ਬਣ ਚੁੱਕੀਆਂ ਹਨ। ਇਨ੍ਹਾਂ ਸਡ਼ਕਾਂ ਦੀ ਕਾਮਯਾਬੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੀ ਸਾਲ 2015 ਤੋਂ ਇਸ ਨੂੰ ਆਗਿਆ ਦੇ ਦਿੱਤੀ ਹੈ ਕਿ ਰਾਜ ਸਰਕਾਰਾਂ ਪਲਾਸਟਿਕ ਦੇ ਲਿਫਾਫੇ ਖ਼ਤਮ ਕਰਨ ਲਈ ਇਨ੍ਹਾਂ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਣ, ਜੋ ਸਡ਼ਕ ਉਸਾਰੀ ਲਈ ਸੰਭਵ ਹੈ।

ਬਚ ਜਾਵੇਗਾ ਕਈਆਂ ਦਾ ਰੋਜ਼ਗਾਰ

ਪਲਾਸਟਿਕ ਦੇ ਲਿਫਾਫਿਆਂ ਦੀ ਵੇਸਟੇਜ ਨੂੰ ਦੁਸ਼ਪ੍ਰਭਾਵ ਨੂੰ ਰੋਕਣ ਲਈ ਰਾਜ ਸਰਕਾਰ ਦੁਆਰਾ ਲਾਈਆਂ ਗਈਆਂ ਪਾਬੰਦੀਆਂ ’ਚ ਕਈ ਪਲਾਸਟਿਕ ਦੇ ਲਿਫਾਫੇ ਬੰਦ ਹੋ ਚੁੱਕੇ ਹਨ ਅਤੇ ਕਈ ਕਾਰਖਾਨਿਆਂ ਨੇ ਇਨ੍ਹਾਂ ਦੀ ਪ੍ਰੋਡਕਸ਼ਨ ਨੂੰ ਸੀਮਤ ਕਰ ਦਿੱਤਾ ਹੈ ਅਤੇ ਕਈ ਬੰਦ ਕਰਨ ਦੀ ਤਿਆਰੀ ਵਿਚ ਹਨ। ਉਥੇ ਹੀ ਮਾਰਕੀਟ ’ਚ ਇਨ੍ਹਾਂ ਦਾ ਵਪਾਰ ਕਰਨ ਵਾਲੇ ਲੋਕ ਵੀ ਕਤਰਾਉਣ ਲੱਗੇ ਹਨ ਤੇ ਜੋ ਇਸਤੇਮਾਲ ਅਤੇ ਇਸ ਦਾ ਵਪਾਰ ਕਰਦੇ ਹਨ, ਉਨ੍ਹਾਂ ’ਤੇ ਬਰਾਬਰ ਖਤਰੇ ਦੀ ਤਲਵਾਰ ਲਟਕੀ ਰਹਿੰਦੀ ਹੈ। ਜੇਕਰ ਇਸ ਵੇਸਟ ਪੋਲੀਪੈਕ ਦਾ ਸਡ਼ਕਾਂ ’ਚ ਪ੍ਰਯੋਗ ਹੋ ਜਾਂਦਾ ਹੈ ਤਾਂ ਇਸ ’ਚ ਕਈ ਕਾਰਖਾਨੇ ਬੰਦ ਹੋਣ ਤੋਂ ਬਚ ਜਾਣਗੇ ਅਤੇ ਕਈਆਂ ਨੂੰ ਰੋਜ਼ਗਾਰ ਮਿਲਦਾ ਰਹੇਗਾ। ਪਲਾਸਟਿਕ ਦੇ ਲਿਫਾਫੇ ਦੀ ਉਸਾਰੀ ਕਰਨ ਵਾਲੇ ਮੈਸਰਜ਼ ਪੰਜਾਬ ਪਲਾਸਟਿਕ ਈਸਟ ਮੋਹਨ ਨਗਰ ਦੇ ਮਾਲਕ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਇਸ ਵਿਚ ਸਹਿਯੋਗ ਦਿੰਦੀ ਹੈ ਤਾਂ ਇਸ ਵਪਾਰ ਲਈ ਕਾਫ਼ੀ ਬਿਹਤਰ ਹੋਵੇਗਾ।

ਕੀ ਕਹਿੰਦੇ ਹਨ ਬਿਲਡਰਜ਼

ਸਡ਼ਕ ਉਸਾਰੀ ਦੇ ਵੱਡੇ ਕਾਰੋਬਾਰੀ ਅਤੇ ਬਿਲਡਰ ਟੀਨੂੰ ਲੁਥਰਾ ਕਹਿੰਦੇ ਹਨ ਕਿ ਪਲਾਸਟਿਕ ਦੀ ਵੇਸਟ ਨਾਲ ਸਡ਼ਕਾਂ ਬਣਾਉਣ ’ਚ ਬਿਲਡਰਜ਼ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ, ਇਸ ਲਈ ਵੱਖਰੇ ਤੌਰ ’ਤੇ ਮਸ਼ੀਨਰੀ ਨਹੀਂ ਲਾਉਣੀ ਪਵੇਗੀ। ਵੱਡੀ ਸਮੱਸਿਆ ਇਹ ਹੈ ਕਿ ਲੋਕ ਲਿਫਾਫਿਆਂ ਨੂੰ ਇਕੱਠਾ ਕਰ ਕੇ ਨਹੀਂ ਵੇਚਦੇ ਤੇ ਨਾ ਹੀ ਇਹ ਲਿਫਾਫੇ ਇਕ ਸਥਾਨ ’ਤੇ ਬਿਲਡਰਜ਼ ਲਈ ਉਪਲਬਧ ਹੁੰਦੇ ਹਨ। ਅਕਸਰ ਲੋਕਾਂ ਵੱਲੋਂ ਵਰਤੋਂ ਕਰਨ ਉਪਰੰਤ ਇਨ੍ਹਾਂ ਨੂੰ ਕੂਡ਼ੇ ਵਿਚ ਸੁੱਟ ਦਿੱਤਾ ਜਾਂਦਾ ਹੈ। ਇਹ ਵੇਸਟ ਲਿਫਾਫੇ ਜ਼ਮੀਨ ’ਚ ਦਬ ਜਾਂਦੇ ਹਨ ਅਤੇ ਵਾਤਾਵਰਣ ਨੂੰ ਖ਼ਰਾਬ ਕਰਦੇ ਹਨ। ਸਡ਼ਕ ਨਿਰਮਾਤਾਵਾਂ ਦੀ ਮੁਸ਼ਕਿਲ ਹੈ ਕਿ ਪਲਾਸਟਿਕ ਦੇ ਬਚੇ ਹੋਏ ਲਿਫਾਫੇ ਉਨ੍ਹਾਂ ਨੂੰ ਬਾਜ਼ਾਰ ’ਚੋਂ ਲੱਭਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਵੇਸਟ ਲਿਫਾਫਿਆਂ ਨੂੰ ਇਕੱਠਾ ਕਰਨ ਦਾ ਸਥਾਈ ਪ੍ਰਬੰਧ ਕਰੇ ਅਤੇ ਨਗਰ ਨਿਗਮ ਇਨ੍ਹਾਂ ਨੂੰ ਇਕੱਠਾ ਕਰ ਕੇ ਖੇਪ ਦੇ ਰੂਪ ’ਚ ਉਪਲਬਧ ਕਰਵਾਏ ਤਾਂ ਇਸ ਦੀ ਸਡ਼ਕਾਂ ’ਚ ਵਰਤੋਂ ਹੋ ਸਕਦੀ ਹੈ।

ਸਡ਼ਕਾਂ ਦੀ ਕੁਆਲਿਟੀ ’ਤੇ ਕਿੰਨਾ ਅਸਰ

ਕੀ ਪੋਲੀਵੇਸਟ ਦੇ ਪ੍ਰਯੋਗ ਨਾਲ ਸਡ਼ਕਾਂ ਮਜ਼ਬੂਤ ਹੋਣਗੀਆਂ? ਇਸ ਬਾਰੇ ਹਾਲਾਂਕਿ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਨਾਲ ਆਮ ਸਡ਼ਕਾਂ ਨਾਲੋਂ ਮਜ਼ਬੂਤੀ 5 ਗੁਣਾ ਜ਼ਿਆਦਾ ਹੋਵੇਗੀ। ਦੂਜੇ ਪਾਸੇ ਮਾਹਿਰਾਂ ਦਾ ਮੰਨਣਾ ਹੈ ਕਿ ਸਡ਼ਕਾਂ ਦੀ ਮਜ਼ਬੂਤੀ ਉਸ ਦੀ ਉਪਰਲੀ ਤੈਅ ’ਤੇ ਵਿਛਾਈ ਗਈ ਤਾਰਕੋਲ ਦੇ ਕਾਰਪੈੱਟ ਨਾਲ ਨਹੀਂ ਹੁੰਦੀ। ਸਡ਼ਕਾਂ ਦੀ ਮਜ਼ਬੂਤੀ ਲਈ ਇਸ ਦਾ ਪੀ. ਸੀ. ਐੱਨ. (ਸਡ਼ਕਾਂ ਦੀ ਮਜ਼ਬੂਤੀ ਦਾ ਮਾਪਦੰਡ) ਵਧਾਉਣਾ ਪੈਂਦਾ ਹੈ, ਜਿਥੇ ਇਹ ਸਡ਼ਕਾਂ ਡੂੰਘੀ ਖੋਦਾਈ ਤੋਂ ਬਾਅਦ ਕੰਕਰੀਟ ਨਾਲ ਬਣਦੀਆਂ ਹਨ, ਆਮ ਸਡ਼ਕਾਂ ਦਾ ਪੀ . ਸੀ. ਐੱਨ. 5 ਤੋਂ 15 ਫ਼ੀਸਦੀ ਹੁੰਦਾ ਹੈ। ਜਹਾਜ਼ ਲਈ ਹਵਾਈ ਪੱਟੀ ਦਾ ਪੀ. ਸੀ. ਐੱਨ. 55 ਤੋਂ 65 ਮੰਨਿਆ ਜਾਂਦਾ ਹੈ। ਉਥੇ ਹੀ ਵੱਡੇ ਜਹਾਜ਼ਾਂ ’ਚ 5 ਫ਼ੀਸਦੀ ਪੀ. ਸੀ. ਐੱਨ. ਹੋਰ ਵਧਾਇਆ ਜਾਂਦਾ ਹੈ ਪਰ ਕੁਦਰਤੀ ਤੌਰ ’ਤੇ ਕਈ ਪਹਾਡ਼ੀ ਤੇ ਪਥਰੀਲੀਆਂ ਸਡ਼ਕਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਕੁਦਰਤੀ ਤੌਰ ’ਤੇ ਪੀ. ਸੀ. ਐੱਨ. 85 ਤੋਂ ਵੀ ਵੱਧ ਹੁੰਦਾ ਹੈ। ਫਿਲਹਾਲ ਇਸ ਪਲਾਸਟਿਕ ਮਟੀਰੀਅਲ ਨਾਲ ਬਣੀਆਂ ਸਡ਼ਕਾਂ ਉਪਰਲੇ ਪੱਧਰ ’ਤੇ ਮਜ਼ਬੂਤ ਹੋਣਗੀਆਂ।

1 ਕਿਲੋਮੀਟਰ ਰੋਡ ’ਚ ਹੁੰਦੀ ਹੈ 1 ਟਨ ਲਿਫਾਫੇ ਦੀ ਖਪਤ

ਜੇਕਰ ਅੰਦਾਜ਼ਾ ਲਾਇਆ ਜਾਵੇ ਤਾਂ ਇਕ ਸਿੰਗਲ ਸਡ਼ਕ ’ਚ ਪ੍ਰਤੀ ਕਿਲੋਮੀਟਰ 1 ਟਨ ਵੇਸਟ ਲਿਫਾਫੇ ਦੀ ਖਪਤ ਹੋ ਜਾਂਦੀ ਹੈ। ਇਸ ਵਿਚ ਲਗਭਗ ਛੋਟੇ-ਵੱਡੇ 4 ਲੱਖ ਲਿਫਾਫੇ ਨਸ਼ਟ ਹੋ ਜਾਂਦੇ ਹਨ। ਦੂਜੇ ਪਾਸੇ ਜੇਕਰ ਫੋਰਲੇਨ ਰੋਡ ਹੋਵੇ ਤਾਂ ਇਸ ਵਿਚ ਪਲਾਸਟਿਕ ਦੀ ਵੇਸਟ ਦੀ ਖਪਤ 5 ਗੁਣਾ ਵੱਧ ਜਾਂਦੀ ਹੈ। ਜੇਕਰ ਸਡ਼ਕਾਂ ’ਤੇ ਇਸ ਫਾਰਮੂਲੇ ਮੁਤਾਬਕ ਸਡ਼ਕਾਂ ’ਚ ਵੇਸਟ ਪਾਈ ਜਾਵੇ ਤਾਂ ਪਲਾਸਟਿਕ ਦੇ ਲਿਫਾਫਿਆਂ ਦੀ ਸਮੱਸਿਆ ਤਾਂ ਦੂਰ ਦੀ ਗੱਲ ਹੈ, ਇਸ ਵਿਚ ਲਿਫਾਫਾ ਲੱਭਣ ਵਿਚ ਲੋਕਾਂ ਨੂੰ ਮੁਸ਼ੱਕਤ ਕਰਨੀ ਪਵੇਗੀ, ਉਥੇ ਹੀ ਵੇਸਟ ਲਿਫਾਫੇ ਦੀ ਕੀਮਤ ਵਧਣ ਲੱਗੇਗੀ।

ਪਲਾਸਟਿਕ ਦੇ ਲਿਫਾਫੇ ਬੰਦ ਕਰਨੇ ਮੁਸ਼ਕਿਲ

ਬੇਸ਼ੱਕ ਸਰਕਾਰਾਂ ਕਾਨੂੰਨ ਬਣਾ ਕੇ ਪਲਾਸਟਿਕ ਦੇ ਲਿਫਾਫੇ ਬੰਦ ਕਰਨ ਦੇ ਨਿਰਦੇਸ਼ ਦੇ ਸਕਦੀਆਂ ਹਨ ਪਰ ਇਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਜੇਕਰ ਲੋਕਲ ਪੱਧਰ ’ਤੇ ਇਸ ਦੇ ਚਲਨ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਸਥਾਨਕ ਕਾਰਖਾਨਿਆਂ ’ਚ ਪਲਾਸਟਿਕ ਦੇ ਲਿਫਾਫੇ ਨਾ ਬਣਾਏ ਜਾਣ ਤਾਂ ਦੂਜੇ ਸੂਬਿਆਂ ਤੋਂ ਆਉਣ ਵਾਲਾ ਮਲਟੀਨੇਸ਼ਨ ਕੰਪਨੀਆਂ ਦਾ ਜ਼ਿਆਦਾਤਰ ਮਾਲ ਪਲਾਸਟਿਕ ਦੇ ਲਿਫਾਫਿਆਂ ’ਚ ਪੈਕ ਹੋ ਕੇ ਆਉਂਦਾ ਹੈ, ਜੋ ਵੱਡੇ ਸ਼ੋਅਰੂਮ ਅਤੇ ਮਾਲ ’ਚ ਵੇਚਿਆ ਜਾਂਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਨਾਲ ਰੈਡੀਮੇਡ ਕੱਪਡ਼ੇ, ਸਾਡ਼੍ਹੀਆਂ, ਸੂਟ ਆਦਿ ਜੋ ਬਹੁਰਾਸ਼ਟਰੀ ਕੰਪਨੀਆਂ ਸੀਲ ਬੰਦ ਮਾਲ ਭੇਜਦੀਆਂ ਹਨ, ’ਤੇ ਰੋਕ ਕਿਵੇਂ ਲੱਗੇਗੀ? ਇਹ ਇਕ ਗੰਭੀਰ ਸਵਾਲ ਹੈ, ਜਿਸ ਦਾ ਜਵਾਬ ਮੁਸ਼ਕਿਲ ਹੈ। ਵੱਡੀਆਂ ਕੰਪਨੀਆਂ ਦੇ ਸੀਲ ਬੰਦ ਮਾਲ ਦੀ ਸੇਲ ਨੂੰ ਰੋਕਣਾ ਸਰਕਾਰਾਂ ਦੇ ਵੱਸ ਦੀ ਵੀ ਗੱਲ ਨਹੀਂ ਹੈ।

ਪਲਾਸਟਿਕ ਦੀ ਕਿੰਨੀ ਉਮਰ

ਪਲਾਸਟਿਕ ਦੇ ਬਣੇ ਪੋਲੀਪੈਕ ਜਿਸ ਨੂੰ ਕੈਰੀਬੈਗ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ, ਜੇਕਰ ਸਾਧਾਰਨ ਤੌਰ ’ਤੇ ਜ਼ਮੀਨ ’ਚ ਦਬਾਅ ਦਿੱਤਾ ਜਾਵੇ ਤਾਂ ਇਸ ਦੇ ਨਸ਼ਟ ਹੋਣ ਦੀ ਮਿਆਦ ਵਿਗਿਆਨੀਆਂ ਮੁਤਾਬਕ 850 ਤੋਂ 1000 ਸਾਲ ਹੈ। ਕੁਝ ਕਿਸਮਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੇ ਨਸ਼ਟ ਹੋਣ ਦੀ ਮਿਆਦ ਵਿਗਿਆਨੀ ਨਹੀਂ ਲਗਾ ਪਾ ਰਹੇ ਅਤੇ 1000 ਸਾਲ ਵਿਚ ਵੀ ਪਲਾਸਟਿਕ ਕਿੰਨੇ ਫ਼ੀਸਦੀ ਨਸ਼ਟ ਹੋਵੇਗਾ, ਕਿਹਡ਼ੀ ਚੀਜ਼ ਦੀ ਕਮੀ ਇਸ ਵਿਚ ਆਵੇਗੀ ਤਦ ਨਸ਼ਟ ਹੋ ਸਕੇਗਾ, ਇਹ ਅਜੇ ਤੈਅ ਨਹੀਂ ਹੋਇਆ। ਸਿਰਫ ਅਨੁਮਾਨ ਦੇ ਆਧਾਰ ’ਤੇ ਹੀ ਇਸ ਦੀ ਨਸ਼ਟ ਹੋਣ ਦੀ ਮਿਆਦ 1000 ਸਾਲ ਦੱਸੀ ਗਈ ਹੈ।

ਰੋਡ ਐਕਸੀਡੈਂਟ ਦਾ ਗ੍ਰਾਫ ਹੋਵੇਗਾ ਘੱਟ

ਉਂਝ ਤਾਂ ਸਡ਼ਕ ਹਾਦਸਿਆਂ ਦੇ ਕਈ ਛੋਟੇ-ਵੱਡੇ ਕਾਰਨ ਹੁੰਦੇ ਹਨ ਪਰ 10 ਤੋਂ 15 ਫ਼ੀਸਦੀ ਵਾਹਨਾਂ ਦੇ ਐਕਸੀਡੈਂਟ ਸਡ਼ਕਾਂ ’ਚ ਪਏ ਖੱਡੇ ਬਣ ਜਾਂਦੇ ਹਨ ਕਿਉਂਕਿ ਜਦੋਂ ਸਡ਼ਕਾਂ ਪਾਣੀ ਵਿਚ ਡੁੱਬੀਆਂ ਰਹਿੰਦੀਆਂ ਹਨ ਤਾਂ ਤਾਰਕੋਲ ਅਤੇ ਬੱਜਰੀ ਟੁੱਟਣ ਲੱਗਦੀ ਹੈ। ਜੇਕਰ ਇਸ ਦੇ ਖੋਜਕਰਤਾ ਵਿਗਿਆਨੀ ਦੀ ਮੰਨੀਏ ਤਾਂ ਪਲਾਸਟਿਕ ਦਾ ਮਟੀਰੀਅਲ ਮਿਕਸ ਹੋਣ ਕਾਰਨ ਸਡ਼ਕ ਨੂੰ ਪਾਣੀ ਦੀ ਮਾਰ ਨਹੀਂ ਝੱਲਣੀ ਪਵੇਗੀ। ਸਡ਼ਕਾਂ ’ਤੇੇ ਬਣਨ ਵਾਲੇ ਟੋਇਆਂ ਦੇ ਚਾਂਸ ਘੱਟ ਹੋ ਜਾਣਗੇ, ਜਿਸ ਕਾਰਨ ਰੋਡ ਐਕਸੀਡੈਂਟ ਵਿਚ ਕਮੀ ਆਉਣੀ ਨਿਸ਼ਚਿਤ ਹੈ।

ਕਾਲਾ ਲਿਫਾਫਾ ਹੁੰਦੈ ਜ਼ਿਆਦਾ ਲਾਭਦਾਇਕ

ਵਾਤਾਵਰਣ ਨੂੰ ਦੂਸ਼ਿਤ ਕਰਨ ਲਈ ਜਿਥੇ ਪਲਾਸਟਿਕ ਦਾ ਜੈਟਬਲੈਕ ਲਿਫਾਫਾ ਸਭ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ, ਉਥੇ ਹੀ ਰੌਚਕ ਸੱਚਾਈ ਇਹ ਸਾਹਮਣੇ ਆਈ ਹੈ ਕਿ ਇਹ ਲਿਫਾਫਾ ਸਡ਼ਕਾਂ ਬਣਾਉਣ ’ਚ ਜ਼ਿਆਦਾ ਲਾਭਦਾਇਕ ਮੰਨਿਆ ਜਾ ਰਿਹਾ ਹੈ। ਇਸ ਨੂੰ ਮਾਰਕੀਟ ’ਚ ਕੋਈ ਕਬਾਡ਼ੀ ਖਰੀਦਣ ਨੂੰ ਤਿਆਰ ਹੀ ਨਹੀਂ ਹੁੰਦਾ। ਇਸ ਲਿਫਾਫੇ ਨਾਲ ਸਡ਼ਕਾਂ ਹੋਰ ਜ਼ਿਆਦਾ ਵਧੀਆ ਬਣਦੀਆਂ ਹਨ। ਇਹ ਠੇਕੇਦਾਰਾਂ ਦੀ ਸਭ ਤੋਂ ਚੰਗੀ ਪਸੰਦ ਹੈ।

ਜੇਕਰ ਪਲਾਸਟਿਕ ਦੇ ਲਿਫਾਫਿਆਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਜਾਣੋ ਕੀ ਹੋਵੇਗਾ?

ਉਦਾਹਰਨ ਦੇ ਤੌਰ ’ਤੇ ਜੇਕਰ ਪਲਾਸਟਿਕ ਦੇ ਲਿਫਾਫਿਆਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਸ ਦਾ ਸਾਈਡ ਇਫੈਕਟ ਇਹ ਹੋਵੇਗਾ ਕਿ ਇਨ੍ਹਾਂ ਦੇ ਬੰਦ ਹੋਣ ਕਾਰਨ ਦੇਸ਼ ਭਰ ’ਚ ਕਾਗਜ਼ ਦੇ ਲਿਫਾਫਿਆਂ ਦੀ ਮੰਗ ਇੰਨੀ ਵੱਧ ਜਾਵੇਗੀ ਕਿ ਜਿਥੇ ਇਸ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ, ਉਥੇ ਹੀ ਕਾਗਜ਼ ਦੀ ਫਸਲ ਨੂੰ ਵਧਾਉਣ ਲਈ ਦੇਸ਼ ਭਰ ਵਿਚ ਕਰੋਡ਼ਾਂ ਦਰੱਖਤ ਮਜਬੂਰਨ ਕੱਟਣੇ ਪੈਣਗੇ, ਜਿਸ ਕਾਰਨ ਦੇਸ਼ ਭਰ ’ਚ ਦਰੱਖਤਾਂ ਦੀ ਹਿਫਾਜ਼ਤ ਦਾ ਅਭਿਆਨ ਵੀ ਟੁੱਟਣ ਦਾ ਖ਼ਤਰਾ ਹੈ। ਜੇਕਰ ਪਲਾਸਟਿਕ ਦੇ ਲਿਫਾਫੇ ਬੰਦ ਕਰ ਦਿੱਤੇ ਜਾਣ ਤਾਂ ਪੁਰਾਣਾ ਯੁੱਗ ਆ ਜਾਵੇਗਾ ਅਤੇ ਰੁੱਖਾਂ ਦੀ ਕਟਾਈ ਹੋਰ ਵੱਧ ਜਾਵੇਗੀ।

ਪਲਾਸਟਿਕ ਨੂੰ ਸਾਡ਼ਨ ਤੋਂ ਵੀ ਮਿਲੇਗਾ ਛੁਟਕਾਰਾ

ਜੇਕਰ ਪਲਾਸਟਿਕ ਨੂੰ ਸਾਡ਼ਿਆ ਜਾਵੇ ਤਾਂ ਇਸ ਵਿਚੋਂ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਖਤਰਨਾਕ ਹਨ। ਸਡ਼ਕਾਂ ’ਚ ਇਸਤੇਮਾਲ ਕਰਨ ਲਈ ਪਲਾਸਟਿਕ ਨੂੰ ਸਾਡ਼ਨ ਦੀ ਲੋੜ ਨਹੀਂ ਹੋਵੇਗੀ, ਸਿਰਫ 30 ਸੈਕਿੰਡ ’ਚ 170 ਡਿਗਰੀ ਸੈਲਸੀਅਸ ਦੀ ਹੀਟ ਦੇ ਕੇ ਇਸ ਨੂੰ ਸਿਰਫ ਮੈਲਟ ਕਰਨਾ ਹੁੰਦਾ ਹੈ, ਸਾਡ਼ਨ ਦੀ ਲੋਡ਼ ਨਹੀਂ ਹੁੰਦੀ, ਨਾ ਹੀ ਇਸ ਤੋਂ ਕੋਈ ਜ਼ਹਿਰੀਲੀ ਗੈਸ ਨਿਕਲੇਗੀ।

ਪਲਾਸਟਿਕ ਕਿਉਂ ਹੈ ਖਤਰਨਾਕ

ਸਾਲ 2012 ’ਚ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਪਲਾਸਟਿਕ ਦੇ ਲਿਫਾਫਿਆਂ ਨੂੰ ਖਤਰਨਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨੇ ਇਨਸਾਨ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਪ੍ਰਮਾਣੂ ਨਾਲੋਂ ਵੱਧ ਮਨੁੱਖ ਜਾਤੀ ਲਈ ਇਹ ਪਲਾਸਟਿਕ ਖਤਰਨਾਕ ਹੈ। ਇਨ੍ਹਾਂ ਦੀ ਵਰਤੋਂ ਨਾਲ ਸਾਡੀਆਂ ਨਦੀਆਂ ਅਤੇ ਤਲਾਬ ਬਰਬਾਦ ਹੋ ਜਾਂਦੇ ਹਨ। ਦੂਜੇ ਪਾਸੇ ਵਿਗਿਆਨੀਆਂ ਨੇ ਵੀ ਇਸ ਨੂੰ ਬਹੁਤ ਦੂਸ਼ਿਤ ਤੱਤ ਮੰਨਦਿਆਂ ਕਿਹਾ ਹੈ ਕਿ ਇਸ ਵਿਚ ਇਹ ਬੁਰਾਈਆਂ ਸ਼ਾਮਿਲ ਹਨ :

  •  ਇਨਸਾਨੀ ਜੀਵਨ ਨੂੰ ਨੁਕਸਾਨ ਪਹੁੰਚਾਉਂਦਾ ਹੈ।
  •  ਜ਼ਮੀਨ ’ਤੇ ਪਾਣੀ, ਹਵਾ ਅਤੇ ਮਿੱਟੀ ਤਿੰਨਾਂ ਨੂੰ ਦੂਸ਼ਿਤ ਕਰਦਾ ਹੈ।
  •  ਭੂਮੀ ’ਚ ਪਲਾਸਟਿਕ ਬੈਗ ਦੱਬਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ।
  •  ਪਲਾਸਟਿਕ ਬੈਗ ਨਾਲ ਜ਼ਮੀਨ ’ਤੇ ਵਰਤੋਂ ਹੋਣ ਵਾਲਾ ਪਾਣੀ ਦੂਸ਼ਿਤ ਅਤੇ ਕੈਮੀਕਲ ਯੁਕਤ ਹੋ ਜਾਂਦਾ ਹੈ।
  •  ਵਿਸ਼ਵ ’ਚ ਫੈਲਿਆ ਹੋਇਆ ਪਾਣੀ ਭੰਡਾਰ ਦੂਸ਼ਿਤ ਹੁੰਦਾ ਹੈ।
  •  ਪਲਾਸਟਿਕ ਦੀ ਵਜ੍ਹਾ ਨਾਲ ਸਮੁੰਦਰੀ ਜੀਵਾਂ ਦੀਆਂ ਕਈ ਪ੍ਰਜਾਤੀਆਂ ਖ਼ਤਮ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ਡਾਲਫਿਨ, ਕੱਛੂ, ਪੈਂਗੁਇਨ ਅਤੇ ਵ੍ਹੇਲ ਸ਼ਾਮਿਲ ਹਨ।

ਬੇਮੌਤ ਮਾਰੇ ਜਾਂਦੇ ਹਨ ਪਸ਼ੂ

ਵਿਗਿਆਨੀਆਂ ਦਾ ਮੰਨਣਾ ਹੈ ਕਿ ਪਲਾਸਟਿਕ ਖਾਣ ਨਾਲ ਪਸ਼ੂ ਮਾਰੇ ਜਾਂਦੇ ਹਨ। ਇਨ੍ਹਾਂ ’ਚ ਅਜਿਹੇ ਤੰਦਰੁਸਤ ਪਸ਼ੂ ਹੁੰਦੇ ਹਨ, ਜਿਨ੍ਹਾਂ ਕੋਲ ਅਜੇ ਜੀਵਨ ਬਾਕੀ ਹੁੰਦਾ ਹੈ। ਪਲਾਸਟਿਕ ਨੂੰ ਖਾ ਜਾਣ ਕਾਰਨ ਤੰਦਰੁਸਤ ਪਸ਼ੂਆਂ ਦੀ ਤੁਰੰਤ ਮੌਤ ਹੋ ਜਾਂਦੀ ਹੈ। ਇਨ੍ਹਾਂ ’ਚ ਗਾਵਾਂ ਜੋ ਮਨੁੱਖ ਦੀ ਪਰਮ ਮਿੱਤਰ ਅਤੇ ਰੱਖਿਅਕ ਵੀ ਹੈ, ਪਲਾਸਟਿਕ ਦੇ ਲਿਫਾਫਿਆਂ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ।

ਡਾ. ਚਰਨਜੀਤ ਸਿੰਘ, ਡਿਪਟੀ ਡਾਇਰੈਕਟਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਦਫਤਰ ਪਟਿਆਲਾ ਦਾ ਕਹਿਣਾ ਹੈ ਕਿ ਜੇਕਰ ਪੰਜਾਬ ’ਚ ਇਸ ਤਰ੍ਹਾਂ ਦੀਆਂ ਸਡ਼ਕਾਂ ਬਣਦੀਆਂ ਹਨ ਤਾਂ ਇਹ ਇਕ ਵਧੀਆ ਪਹਿਲ ਹੋਵੇਗੀ। ਇਸ ਨਾਲ ਜਿਥੇ ਸਡ਼ਕਾਂ ’ਚ ਮਜ਼ਬੂਤੀ ਆਵੇਗੀ, ਉਥੇ ਪੰਜਾਬ ਰਾਜ ਨੂੰ ਪਲਾਸਟਿਕ ਦੇ ਲਿਫਾਫੇ ਵਰਗੇ ਖਤਰਨਾਕ ਮਟੀਰੀਅਲ ਦੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ।


cherry

Content Editor

Related News