ਪੰਜਾਬ ਨੂੰ ਮਿਲਿਆ ਨੈਸ਼ਨਲ ਵਾਟਰ ਮਿਸ਼ਨ ਐਵਾਰਡ

09/26/2019 12:44:33 AM

ਚੰਡੀਗੜ੍ਹ,(ਭੁੱਲਰ) : 'ਨੈਸ਼ਨਲ ਵਾਟਰ ਮਿਸ਼ਨ' ਜਲਵਾਯੂ ਬਦਲਾਅ ਦੇ ਕੌਮੀ ਐਕਸ਼ਨ ਪਲਾਨ (ਐੱਨ. ਏ. ਪੀ. ਸੀ. ਸੀ.) ਦੇ 8 ਮਿਸ਼ਨਾਂ 'ਚੋਂ ਇਕ ਹੈ। ਇਸ ਮਿਸ਼ਨ ਦਾ ਮੁੱਖ ਮੰਤਵ ਹੈ-ਪਾਣੀ ਦੀ ਸੰਭਾਲ, ਵਿਅਰਥ ਵਰਤੋਂ ਨੂੰ ਘਟਾਉਣਾ ਤੇ ਏਕੀਕ੍ਰਿਤ ਜਲ ਸੋਮਿਆਂ ਦੇ ਵਿਕਾਸ ਤੇ ਪ੍ਰਬੰਧ ਰਾਹੀਂ ਸੂਬਿਆਂ ਵਿਚਕਾਰ ਤੇ ਉਨ੍ਹਾਂ ਅੰਦਰ ਮੁਨਾਸਬ ਵੰਡ। ਵੱਖ-ਵੱਖ ਸੰਸਥਾਵਾਂ ਨੂੰ ਜਲ ਸੰਭਾਲ ਤੇ ਉਸ ਦੀ ਸੁਚੱਜੀ ਵਰਤੋਂ ਲਈ ਪੁਰਸਕਾਰ ਦੇ ਕੇ ਉਤਸ਼ਾਹਤ ਕਰਨਾ ਇਸ ਮਿਸ਼ਨ ਦੀਆਂ ਨੀਤੀਆਂ 'ਚੋਂ ਇਕ ਹੈ। ਇਸ ਸਬੰਧੀ ਭਾਰਤ ਸਰਕਾਰ ਦਾ ਨੈਸ਼ਨਲ ਵਾਟਰ ਮਿਸ਼ਨ ਐਵਾਰਡ 2019 ਪੰਜਾਬ ਨੂੰ ਪ੍ਰਾਪਤ ਹੋਇਆ ਹੈ।

ਨੈਸ਼ਨਲ ਵਾਟਰ ਮਿਸ਼ਨ ਵਲੋਂ ਦੇਸ਼ ਭਰ ਲਈ ਐਲਾਨੇ ਕੁੱਲ 23 ਐਵਾਰਡਾਂ 'ਚੋਂ ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਨੇ ਜ਼ਿਲਾ ਕਪੂਰਥਲਾ 'ਚ ਪੈਂਦੇ ਫਗਵਾੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟ੍ਰੀਟਡ ਪਾਣੀ ਦੀ ਸੁਚੱਜੀ ਵਰਤੋਂ ਲਈ ਇਹ ਐਵਾਰਡ ਜਿੱਤਿਆ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਵੀਂ ਦਿੱਲੀ 'ਚ ਸਮਾਰੋਹ ਦੌਰਾਨ ਇਹ ਐਵਾਰਡ ਪੰਜਾਬ ਨੂੰ ਦਿੱਤਾ ਗਿਆ। ਪੰਜਾਬ ਵਲੋਂ ਮੁੱਖ ਭੂਮੀ ਪਾਲ ਧਰਮਿੰਦਰ ਸ਼ਰਮਾ ਨੇ ਇਹ ਐਵਾਰਡ ਪ੍ਰਾਪਤ ਕੀਤਾ। ਪ੍ਰੋਜੈਕਟ ਬਾਰੇ ਦੱਸਦੇ ਹੋਏ ਸ਼ਰਮਾ ਨੇ ਕਿਹਾ ਕਿ ਸਾਲ 2017 'ਚ ਫਗਵਾੜਾ ਐੱਸ. ਟੀ. ਪੀ. ਤੋਂ ਟ੍ਰੀਟਡ ਪਾਣੀ ਦੇ ਸੰਚਾਰ ਲਈ ਲਗਭਗ 12 ਕਿਲੋਮੀਟਰ ਲੰਮਾ ਜਮੀਂਦੋਜ਼ ਪਾਈਪਲਾਈਨ ਨੈੱਟਵਰਕ ਮੁਕੰਮਲ ਕੀਤਾ ਗਿਆ। ਇਸ ਐੱਸ. ਟੀ. ਪੀ. ਦਾ ਡਿਸਚਾਰਜ 28 ਐੱਮ. ਐੱਲ. ਡੀ. ਹੈ ਅਤੇ ਟ੍ਰੀਟਡ ਪਾਣੀ ਨਾਲ 260 ਕਿਸਾਨ ਪਰਿਵਾਰਾਂ ਦੇ ਲਗਭਗ 1050 ਏਕੜ ਰਕਬੇ ਦੀ ਸਿੰਚਾਈ ਹੋ ਰਹੀ ਹੈ।


Related News