ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀਆਂ ਲੈਬਾਰਟਰੀਆਂ ਭਲਕੇ ਬੰਦ ਰੱਖਣ ਦਾ ਐਲਾਨ

Wednesday, Jul 22, 2020 - 11:20 AM (IST)

ਖਰੜ (ਅਮਰਦੀਪ) : ਪੰਜਾਬ ਰਾਜ ਮੈਡੀਕਲ ਲੈਬਾਰਟਰੀਆਂ ਟੈਕਨੀਸ਼ੀਅਨ ਸਾਂਝਾ ਮੋਰਚਾ ਵੱਲੋਂ 23 ਜੁਲਾਈ ਨੂੰ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਪ੍ਰਧਾਨ ਅਰੁਣ ਦੱਤ ਨੇ ਦੱਸਿਆ ਕਿ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ 10-15 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਕੇ ਠੇਕੇ ਦਾ ਸੰਤਾਪ ਭੋਗਦੇ ਆ ਰਹੇ ਹਨ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਣ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਕਈ ਵਾਰ ਮੰਗ-ਪੱਤਰ ਦਿੱਤੇ ਜਾ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ‘ਦਿ ਪੰਜਾਬ ਐਡਹਾਕ ਕੰਟਰੈਕਚੁਅਲ, ਡੇਲੀ ਵੇਜ਼, ਟੈਂਪਰੇਰੀ, ਵਰਕ ਚਾਰਜ਼ਡ ਐਂਡ ਆਊਟਸੋਰਸਡ ਇੰਪਲਾਈਜ਼ ਵੈੱਲਫੇਅਰ ਐਕਟ 2016 'ਚ ਸੋਧ ਕਰ ਕੇ ਸਰਕਾਰ ਬਣਨ ’ਤੇ ਜਲਦੀ ਹੀ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਪਰ ਅਫਸੋਸ ਕਿ ਅਜੇ ਤਕ ਇਸ ਸਬੰਧੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ।

ਉਨ੍ਹਾਂ ਐਲਾਨ ਕੀਤਾ ਕਿ ਕੈਪਟਨ ਸਰਕਾਰ ਤੋਂ ਦੁਖੀ ਟੈਕਨੀਸ਼ੀਅਨਾਂ ਨੇ ਹੁਣ ਫੈਸਲਾ ਲਿਆ ਹੈ ਕਿ ਹੁਣ 23 ਜੁਲਾਈ ਨੂੰ ਸਮੂਹ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਹੜਤਾਲ ’ਤੇ ਜਾ ਕੇ ਸਰਕਾਰੀ ਹਸਪਤਾਲਾਂ ਦੀਆਂ ਲੈਬਾਰਟਰੀਆਂ ਅਤੇ ਬਲੱਡ ਦੀਆਂ ਸੇਵਾਵਾਂ ਠੱਪ ਰੱਖਣਗੇ। ਇਸ ਮੌਕੇ ਪਰਮਿੰਦਰ ਸਿੰਘ ਅਤੇ ਮਨਦੀਪ ਕੌਰ ਵੀ ਹਾਜ਼ਰ ਸਨ।


Babita

Content Editor

Related News