ਪੰਜਾਬ ''ਚ 25,731 ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦਾ ਜ਼ਿੰਮੇਵਾਰ ਅਕਾਲੀ ਦਲ : ਸੁਖਜਿੰਦਰ ਰੰਧਾਵਾ

12/14/2019 1:45:28 AM

ਗੁਰਦਾਸਪੁਰ,(ਸਰਬਜੀਤ)- 1977 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਈ ਸੀ ਤਾਂ ਹੀ ਪੰਜਾਬ ਵਿਚ ਅੱਤਵਾਦ ਸ਼ੁਰੂ ਹੋਇਆ ਸੀ। ਪੰਜਾਬ ਵਿਚ ਅੱਤਵਾਦ ਦੇ ਕਾਲੇ ਬੱਦਲਾਂ ਦੌਰਾਨ 25 ਹਜ਼ਾਰ 731 ਨਿਰਦੋਸ਼ ਲੋਕ ਇਨ੍ਹਾਂ ਹੱਥੋਂ ਸ਼ਹੀਦ ਹੋਏ ਸਨ। ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਅਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਕਾਂਗਰਸ ਦੇ ਲੀਡਰ ਹਮੇਸ਼ਾ ਜਾਂਦੇ ਰਹੇ ਹਨ ਪਰ ਅਕਾਲੀ ਦਲ ਅੱਤਵਾਦੀਆਂ ਦੇ ਭੋਗਾਂ 'ਤੇ ਜਾਂਦਾ ਰਿਹਾ। ਉਕਤ ਵਿਚਾਰ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਨੇ ਪਾਹੜਾ ਨਿਵਾਸ ਸਥਾਨ 'ਤੇ ਪਹੁੰਚਣ ਤੋਂ ਬਾਅਦ 'ਜਗ ਬਾਣੀ' ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਜਿੰਨੇ ਵੀ ਵਿਕਾਸ ਕਾਰਜ ਹੋਏ ਹਨ ਉਹ ਸਾਰੇ ਕਾਂਗਰਸ ਨੇ ਕੀਤੇ ਹਨ। ਅਕਾਲੀ ਦਲ ਨੇ ਕੇਵਲ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਚਲਾਇਆ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਗਈ ਹੈ। ਕੁੱਝ ਲੋਕ ਤਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਏ ਰੱਖਣ ਲਈ ਵਿਦੇਸ਼ ਭੇਜ ਰਹੇ ਹਨ। ਜੋ ਬਚੇ ਹਨ ਉਹ ਵੀ ਬੇਰੋਜ਼ਗਾਰ ਹੀ ਹਨ। ਰੋਜ਼ਗਾਰ ਦੇਣ ਦਾ ਕੰਮ ਕਾਂਗਰਸ ਨੇ ਸ਼ੁਰੂ ਕੀਤਾ ਹੈ। ਹਰ ਸਨਅਤਕਾਰ ਪੰਜਾਬ ਵਿਚ ਆ ਕੇ ਸਨਅਤਾਂ ਲਾਉਣ ਲਈ ਤਿਆਰ ਹੈ, ਜਿਸ ਨਾਲ ਪੰਜਾਬ ਵਿਚ ਬੇਰੋਜ਼ਗਾਰੀ ਖਤਮ ਹੋਵੇਗੀ ਅਤੇ ਨੌਜਵਾਨ ਆਪਣੇ ਕੰਮਾਂ 'ਤੇ ਜਾਇਆ ਕਰਨਗੇ। ਅਕਾਲੀ ਦਲ ਵੱਲੋਂ ਜੇਲ ਅੰਦਰ ਬੰਦ ਗੈਂਗਸਟਰਾਂ ਸਬੰਧੀ ਜੋ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਉਹ ਬਿਲਕੁਲ ਝੂਠ ਹਨ। ਕਿਸੇ ਵੀ ਜੇਲ ਵਿਚ ਕੋਈ ਢਿਲਮੱਠ ਨਹੀਂ ਵਿਖਾਈ ਜਾਂਦੀ ਅਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਗੈਂਗਸਟਰ ਜੋ ਸਮਾਜ ਵਿਰੋਧ ਅਨਸਰ ਹਨ, ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕਰ ਰਿਹਾ ਹੈ। ਅਜਿਹਾ ਬਿਆਨ ਦੇਣ ਤੋਂ ਪਹਿਲਾ ਅਕਾਲੀ ਆਪਣੇ ਮੰਜੇ ਥੱਲੇ ਸੋਟਾ ਫੇਰਨ ਕਿ ਜਿੰਦਾ ਅਤੇ ਸੁੱਖੇ ਅੱਤਵਾਦੀ ਦੀ ਫਾਂਸੀ ਲਈ ਅਕਾਲੀ ਦਲ ਨੇ ਰਾਸ਼ਟਰਪਤੀ ਭਵਨ ਅੱਗੇ ਧਰਨਾ ਦਿੱਤਾ ਸੀ ਕਿ ਇਨ੍ਹਾਂ ਨੂੰ ਫਾਂਸੀ ਨਾ ਦਿੱਤੀ ਜਾਵੇ ਕਿਉਂਕਿ ਇਹ ਸਿੱਖ ਕੌਮ ਦਾ ਮਾਣ ਹਨ। ਉਨ੍ਹਾਂ ਕਿਹਾ ਬਟਾਲਾ ਦੇ ਢਿੱਲਵਾਂ ਕਤਲਕਾਂਡ ਦਾ ਮੈਨੂੰ ਦੁੱਖ ਹੈ ਪਰ ਮੈਂ ਚਾਹੁੰਦਾ ਹਾਂ ਕਿ ਹਾਈਕੋਰਟ ਦੇ ਜੱਜ ਕੋਲੋਂ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ।

ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਰ੍ਹਦਿਆਂ ਕਿਹਾ ਕਿ ਰੇਲਵੇ ਇਸ ਸਮੇਂ ਬਹੁਤ ਜ਼ਿਆਦਾ ਘਾਟੇ ਵਿਚ ਚੱਲ ਰਿਹਾ ਹੈ। ਜੀ. ਡੀ. ਪੀ. ਬਹੁਤ ਡਿੱਗ ਗਈ ਹੈ, ਬੇਰੋਜ਼ਗਾਰੀ ਵੱਧ ਗਈ ਹੈ, ਰੁਪਏ ਦੀ ਕੀਮਤ ਬਹੁਤ ਘੱਟ ਗਈ ਹੈ, ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਵੀ ਮਹਿੰਗਾ ਹੈ, ਜੇ. ਐੱਨ. ਯੂ. ਦੇ ਵਿਦਿਆਰਥੀਆਂ ਲਈ ਪੜ੍ਹਾਈ ਮਹਿੰਗੀ ਕਰ ਦਿੱਤੀ ਗਈ ਹੈ, ਕਿਸਾਨ ਆਤਮ ਹੱਤਿਆ ਕਰ ਰਹੇ ਹਨ, ਜਬਰ-ਜ਼ਨਾਹਾਂ ਦੀ ਮਿਕਦਾਰ ਵਿਚ ਵੀ ਬਹੁਤ ਵਾਧਾ ਹੋਇਆ ਹੈ।


Related News