ਨੂੰਹ ਨੂੰ ਘਰ ''ਤੇ ਕਬਜ਼ਾ ਕਰਨ ਤੋਂ ਰੋਕਣ ''ਤੇ ਸੱਸ ਦੀ ਕੀਤੀ ਕੁੱਟਮਾਰ
Friday, Jun 09, 2017 - 07:52 AM (IST)
ਹੁਸ਼ਿਆਰਪੁਰ, (ਜ.ਬ.)- ਘਰ 'ਤੇ ਕਬਜ਼ਾ ਕਰਨ ਤੋਂ ਨੂੰਹ ਤੇ ਪੇਕੇ ਵਾਲਿਆਂ ਨੂੰ ਰੋਕਿਆ ਤਾਂ ਸੱਸ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਗੁਰਚਰਨ ਕੌਰ ਵਾਸੀ ਦਸਮੇਸ਼ ਨਗਰ ਨੇ ਦੱਸਿਆ ਕਿ ਉਸ ਦੇ ਬੇਟੇ ਨਾਲ ਉਸ ਦੀ ਨੂੰਹ ਦਾ ਝਗੜਾ ਹੋ ਗਿਆ ਸੀ। ਨੂੰਹ ਆਪਣੇ ਪੇਕੇ ਘਰ ਰਹਿੰਦੀ ਸੀ। ਬੀਤੀ 5 ਜੂਨ ਨੂੰ ਉਹ ਘਰ 'ਚ ਇਕੱਲੀ ਸੀ ਕਿ ਇਸ ਦੌਰਾਨ ਉਸ ਦੀ ਨੂੰਹ ਆਪਣੇ ਪੇਕੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਟੈਂਪੂ 'ਚ ਸਾਮਾਨ ਭਰ ਕੇ ਲਿਆਈ ਤੇ ਘਰ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਨੀਅਤ ਨਾਲ ਸਾਮਾਨ ਘਰ ਦੇ ਅੰਦਰ ਰੱਖਣ ਲੱਗ ਪਈ ਜਿਸ ਦਾ ਵਿਰੋਧ ਕਰਨ 'ਤੇ ਨੂੰਹ ਤੇ ਉਸ ਦੇ ਪੇਕੇ ਵਾਲਿਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੁਆਂਢੀਆਂ ਨੇ ਦਖ਼ਲ ਦੇ ਕੇ ਉਸ ਨੂੰ ਬਚਾਇਆ ਤੇ ਜ਼ਖ਼ਮੀ ਹਾਲਤ 'ਚ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਇਸ ਸਬੰਧ 'ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਗੁਰਚਰਨ ਕੌਰ ਦੇ ਬਿਆਨਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
