ਜਲੰਧਰ: 1800 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਕਾਰਨ ਯਾਤਰੀ ਹੋਏ ਖੱਜਲ-ਖੁਆਰ
Sunday, Nov 13, 2022 - 12:01 PM (IST)
ਜਲੰਧਰ (ਜ. ਬ.)– ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਦੇ ਕੰਡਕਟਰ ਨੂੰ ਸਸਪੈਂਡ ਕਰਨ, ਫਿਰੋਜ਼ਪੁਰ ’ਚ ਇਕੱਠੇ ਹੋਏ 15 ਤਬਾਦਲਿਆਂ ਖ਼ਿਲਾਫ਼ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਦੇ ਦੂਜੇ ਦਿਨ ਅੱਜ ਬੱਸ ਅੱਡਾ ਬੰਦ ਕਰਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤਾ ਗਿਆ। ਇਸ ਤਹਿਤ ਪੰਜਾਬ ਰੋਡਵੇਜ਼-ਪਨਬੱਸ ਨਾਲ ਸਬੰਧਤ 1800 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੁੰਦੇ ਹੀ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਪਰੇਸ਼ਾਨੀ ਐਤਵਾਰ ਨੂੰ ਹੋਰ ਵੀ ਵਧ ਜਾਵੇਗੀ ਕਿਉਂਕਿ ਪੀ. ਆਰ. ਟੀ. ਸੀ. ਯੂਨੀਅਨ ਨੇ ਹੜਤਾਲ ਨੂੰ ਸਮਰਥਨ ਦਿੰਦਿਆਂ ਸ਼ਨੀਵਾਰ ਰਾਤ ਤੋਂ ਬੱਸਾਂ ਦੀ ਆਵਾਜਾਈ ਠੱਪ ਕਰ ਦਿੱਤੀ।
ਯੂਨੀਅਨ ਵੱਲੋਂ ਸ਼ਨੀਵਾਰ ਸਵੇਰੇ 10 ਵਜੇ ਦੇ ਲਗਭਗ ਬੱਸ ਅੱਡੇ ਦਾ ਐਂਟਰੀ ਗੇਟ ਬੰਦ ਕਰ ਕੇ ਪ੍ਰਾਈਵੇਟ ਬੱਸਾਂ ਨੂੰ ਅੱਡੇ ਦੇ ਅੰਦਰ ਆਉਣ ਤੋਂ ਰੋਕ ਦਿੱਤਾ। ਇਸ ਕਾਰਨ ਯਾਤਰੀਆਂ ਦੀ ਪਰੇਸ਼ਾਨੀ ਵਧ ਗਈ। ਪ੍ਰਦਰਸ਼ਨ ਕਾਰਨ ਭਾਰੀ ਪੁਲਸ ਫੋਰਸ ਬੱਸ ਅੱਡੇ ਵਿਚ ਤਾਇਨਾਤ ਕੀਤੀ ਗਈ। ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਇਕੱਠੇ ਹੋਏ ਯੂਨੀਅਨ ਦੇ ਸੈਂਕੜੇ ਕਰਮਚਾਰੀਆਂ ਨੇ ਬੱਸ ਅੱਡੇ ਅੰਦਰ ਰੋਸ ਮਾਰਚ ਕੱਢਿਆ ਅਤੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਯੂਨੀਅਨ ਦੇ ਸੂਬਾਈ ਕਾਰਜਕਾਰਨੀ ਮੈਂਬਰ ਦਲਜੀਤ ਸਿੰਘ ਜੱਲੇਵਾਲ ਅਤੇ ਡਿਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ ਨੇ ਕਿਹਾ ਕਿ ਸਰਕਾਰ ਧੱਕੇਸ਼ਾਹੀ ’ਤੇ ਉਤਾਰੂ ਹੋ ਚੁੱਕੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਰਹੱਦ ਪਾਰ: ਲਵ ਮੈਰਿਜ ਦਾ ਖ਼ੌਫ਼ਨਾਕ ਅੰਤ, ਵਿਆਹ ਦੇ ਇਕ ਮਹੀਨੇ ਬਾਅਦ ਪ੍ਰੇਮੀ-ਪ੍ਰੇਮਿਕਾ ਦਾ ਕਤਲ
ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਵੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਦਰਸ਼ਨ ਨੂੰ ਤੇਜ਼ ਕਰਦਿਆਂ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਰੋਸ ਰੈਲੀਆਂ ਕੱਢੀਆਂ ਜਾਣਗੀਆਂ। ਅਧਿਕਾਰੀਆਂ ਵੱਲੋਂ ਯੂਨੀਅਨ ਨੂੰ ਮਨਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੁਪਹਿਰ 12 ਵਜੇ ਤੋਂ ਬਾਅਦ ਯੂਨੀਅਨ ਨੇ ਬੱਸ ਅੱਡਾ ਖੋਲ੍ਹ ਦਿੱਤਾ ਪਰ ਪਨਬੱਸ ਨਾਲ ਸਬੰਧਤ ਬੱਸਾਂ ਦੀ ਆਵਾਜਾਈ ਸ਼ੁਰੂ ਨਹੀਂ ਹੋ ਸਕੀ।
ਦੂਜੇ ਸੂਬਿਆਂ ਅਤੇ ਪ੍ਰਾਈਵੇਟ ਬੱਸਾਂ ਦੀ ਉਡੀਕ ਵਿਚ ਕਾਊਂਟਰਾਂ ’ਤੇ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪਈ। ਇੰਟਰ ਸਟੇਟ ਬੱਸਾਂ ਨੂੰ ਲੈ ਕੇ ਸਭ ਤੋਂ ਵੱਧ ਦਿੱਕਤ ਪੇਸ਼ ਆ ਰਹੀ ਹੈ ਕਿਉਂਕਿ ਵਧੇਰੇ ਪ੍ਰਾਈਵੇਟ ਆਪ੍ਰੇਟਰਾਂ ਕੋਲ ਦੂਜੇ ਸੂਬਿਆਂ ਲਈ ਪਰਮਿਟ ਨਹੀਂ ਹੁੰਦੇ ਅਤੇ ਸਰਕਾਰੀ ਬੱਸਾਂ ਇੰਟਰ ਸਟੇਟ ਸੇਵਾ ਮੁਹੱਈਆ ਕਰਵਾਉਂਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਦੀ ਇਸ ਹੜਤਾਲ ਵਿਚ ਪੱਕੇ ਕਰਮਚਾਰੀਆਂ ਵੱਲੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਯੂਨੀਅਨ ਦਾ ਕਹਿਣਾ ਹੈ ਕਿ ਰੋਡਵੇਜ਼ ਦੇ ਡਿਪੂ ’ਚ 2-3 ਤੋਂ ਵੱਧ ਪੱਕੇ ਡਰਾਈਵਰ ਮੁਹੱਈਆ ਨਹੀਂ ਹਨ। ਇਸ ਕਾਰਨ ਪੰਜਾਬ ਵਿਚ ਰੋਡਵੇਜ਼ ਦੀਆਂ 50 ਬੱਸਾਂ ਵੀ ਚੱਲ ਨਹੀਂ ਸਕੀਆਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 28 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਪਿਉ-ਪੁੱਤ ਗ੍ਰਿਫ਼ਤਾਰ
ਬੱਸਾਂ ਦੀ ਆਵਾਜਾਈ ਸਬੰਧੀ ਡਿਪੂਆਂ ’ਚ ਸ਼ੁਰੂ ਹੋਇਆ ਰਾਤ ਦਾ ਪਹਿਰਾ
ਹੜਤਾਲ ’ਤੇ ਬੈਠੇ ਕਰਮਚਾਰੀਆਂ ਵੱਲੋਂ ਡਿਪੂਆਂ ਵਿਚ ਰਾਤ ਦਾ ਪਹਿਰਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਵਿਭਾਗ ਨਵੇਂ ਭਰਤੀ ਕੀਤੇ ਜਾ ਰਹੇ ਕਰਮਚਾਰੀਆਂ ਕੋਲੋਂ ਬੱਸਾਂ ਚਲਵਾਉਣ ਦੀ ਕੋਸ਼ਿਸ਼ ਨਾ ਕਰ ਸਕੇ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਹੜਤਾਲ ਚੱਲੇਗੀ, ਉਦੋਂ ਤੱਕ ਕਰਮਚਾਰੀ 3 ਸ਼ਿਫਟਾਂ ’ਚ ਡਿਪੂਆਂ ਵਿਖੇ ਪਹਿਰਾ ਦੇਣਗੇ।
ਉੱਤਰਾਖੰਡ, ਹਿਮਾਚਲ ਅਤੇ ਹਰਿਦੁਆਰ ਦਾ ਰੂਟ ਸਭ ਤੋਂ ਵੱਧ ਪ੍ਰਭਾਵਿਤ
ਹੜਤਾਲ ਕਾਰਨ ਉਤਰਾਖੰਡ, ਹਿਮਾਚਲ ਅਤੇ ਹਰਿਦੁਆਰ ਦਾ ਰੂਟ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਜਾਣ ਵਾਲੇ ਯਾਤਰੀ ਘੰਟਿਆਂਬੱਧੀ ਕਾਊਂਟਰਾਂ ’ਤੇ ਉਡੀਕ ਕਰਨ ਤੋਂ ਬਾਅਦ ਵਾਪਸ ਮੁੜਦੇ ਦੇਖੇ ਗਏ। ਹਿਮਾਚਲ ਲਈ ਸਵੇਰੇ ਤੜਕਸਾਰ ਪਨਬੱਸ ਦੀਆਂ ਬੱਸਾਂ ਚੱਲ ਪੈਂਦੀਆਂ ਹਨ, ਜਦੋਂ ਕਿ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਆਵਾਜਾਈ ਦੁਪਹਿਰ ਸਮੇਂ ਸ਼ੁਰੂ ਹੁੰਦੀ ਹੈ। ਇਸ ਕਾਰਨ ਹਿਮਾਚਲ ਜਾਣ ਵਾਲੇ ਯਾਤਰੀਆਂ ਨੂੰ ਦੁਪਹਿਰ ਤੱਕ ਬੱਸਾਂ ਦੀ ਉਡੀਕ ਕਰਨੀ ਪਈ। ਦੂਜੇ ਪਾਸੇ ਦਿੱਲੀ ਰੂਟ ’ਤੇ ਸਵੇਰੇ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੀ ਉਡੀਕ ਕਰਨੀ ਪਈ।
ਇਹ ਵੀ ਪੜ੍ਹੋ : ਕੁੱਖ 'ਚ ਬੱਚੀਆਂ ਦਾ ਕਤਲ ਰੋਕਣ ਲਈ ਬਟਾਲਾ ਦੇ ਵਕੀਲ ਨੇ ਲਿਖਿਆ ਰਾਸ਼ਟਰਪਤੀ ਨੂੰ ਪੱਤਰ, ਲਿਆ ਇਹ ਐਕਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।