3 ਨਵੇਂ ਪ੍ਰਾਜੈਕਟਾਂ ਨੂੰ ਲੈ ਕੇ ਪੁੱਡਾ ਦੀ ਟੀਮ ਵੱਲੋਂ ਪਠਾਨਕੋਟ ਦਾ ਦੌਰਾ

Tuesday, Dec 05, 2017 - 12:06 AM (IST)

3 ਨਵੇਂ ਪ੍ਰਾਜੈਕਟਾਂ ਨੂੰ ਲੈ ਕੇ ਪੁੱਡਾ ਦੀ ਟੀਮ ਵੱਲੋਂ ਪਠਾਨਕੋਟ ਦਾ ਦੌਰਾ

ਪਠਾਨਕੋਟ,   (ਸ਼ਾਰਦਾ)-  ਜ਼ਿਲਾ ਪਠਾਨਕੋਟ ਵਿਚ ਰੈੱਡ ਕਰਾਸ, ਅੰਬੇਡਕਰ ਭਵਨ ਅਤੇ ਪੁਲਸ ਲਾਈਨ ਬਣਾਉਣ ਲਈ ਨਵੇਂ ਪ੍ਰਾਜੈਕਟ ਦੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹ ਯੋਜਨਾ ਸਰਕਾਰ ਨੂੰ ਭੇਜੀ ਗਈ ਸੀ। ਅੱਜ ਉਕਤ ਪ੍ਰਾਜੈਕਟਾਂ ਲਈ ਪੁੱਡਾ ਵੱਲੋਂ ਸਪੈਸ਼ਲ ਟੀਮ ਪਠਾਨਕੋਟ ਪਹੁੰਚੀ ਅਤੇ ਉਕਤ ਪ੍ਰਾਜੈਕਟਾਂ ਲਈ ਪੁੱਡਾ ਅਧੀਨ ਆਉਂਦੇ ਵੱਖ-ਵੱਖ ਸਥਾਨਾਂ ਦਾ ਦੌਰਾ ਇਸ ਟੀਮ ਵੱਲੋਂ ਕੀਤਾ ਗਿਆ। ਇਸ ਸਬੰਧੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ 'ਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਡਾ. ਅਮਿਤ ਮਹਾਜਨ ਐੱਸ. ਡੀ. ਐੱਮ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਪੁੱਡਾ ਵੱਲੋਂ ਆਈ ਵਿਸ਼ੇਸ਼ ਟੀਮ ਵਿਚ ਪੁੱਡਾ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਤਜਿੰਦਰ ਪਾਲ ਸਿੰਘ ਸੰਧੂ ਸਹਾਇਕ ਮੁੱਖ ਪ੍ਰਬੰਧਕ, ਨਰਿੰਦਰਜੀਤ ਸਿੰਘ ਐਕਸੀਅਨ ਸਿਵਲ, ਯੋਧਾ ਸਿੰਘ ਐਕਸੀਅਨ ਪਬਲਿਕ ਹੈਲਥ, ਅਮੋਲਕ ਸਿੰਘ ਜ਼ਿਲਾ ਟਾਊਨ ਪਲਾਨਰ, ਜਗਪ੍ਰੀਤ ਸਿੰਘ ਪਲਾਨਿੰਗ ਅਧਿਕਾਰੀ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ। ਸਭ ਤੋਂ ਪਹਿਲਾ ਉਪਰੋਕਤ 3 ਪ੍ਰਾਜੈਕਟਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਚਰਚਾ ਕੀਤੀ ਗਈ। ਉਪਰੰਤ ਪੁੱਡਾ ਵੱਲੋਂ ਆਈ ਸਪੈਸ਼ਲ ਟੀਮ ਅਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਕਤ ਪ੍ਰਾਜੈਕਟਾਂ ਨੂੰ ਲੈ ਕੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਗਿਆ। 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਵਿਚ ਪੁੱਡਾ ਅਧੀਨ ਆਉਂਦੀ ਖਾਲੀ ਪਈ ਜ਼ਮੀਨ ਨੂੰ ਵਧੀਆ ਢੰਗ ਨਾਲ ਵਰਤੋਂ ਕਰਨ ਲਈ 3 ਪ੍ਰਾਜੈਕਟ ਉਲੀਕੇ ਗਏ ਹਨ, ਜਿਸ ਅਧੀਨ ਪੁਲਸ ਲਾਈਨ ਲਈ ਕਰੀਬ 13 ਏਕੜ, ਰੈੱਡ ਕਰਾਸ ਲਈ ਕਰੀਬ ਡੇਢ ਏਕੜ ਅਤੇ ਅੰਬੇਡਕਰ ਭਵਨ ਲਈ ਕਰੀਬ 1 ਏਕੜ ਜ਼ਮੀਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਕਤ ਯੋਜਨਾ ਬਣਾ ਕੇ ਸਰਕਾਰ ਨੂੰ ਭੇਜੀ ਗਈ ਸੀ, ਜਿਸ ਅਧੀਨ ਅੱਜ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਉਕਤ ਤਿੰਨੋਂ ਪ੍ਰਾਜੈਕਟਾਂ ਨੂੰ ਲੈ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਸਰਕਾਰ ਵੱਲੋਂ ਪ੍ਰਵਾਨਗੀ ਆਉਣ 'ਤੇ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਸਕੇ। 


Related News