ਪਬਜੀ ਗੇਮ ਦਾ ਸ਼ਿਕਾਰ ਹੋਏ ਨੌਜਵਾਨ ਨੇ ਨਹਿਰ ''ਚ ਮਾਰੀ ਛਾਲ, ਮੌਤ
Friday, Oct 04, 2019 - 01:14 PM (IST)
ਫਿਰੋਜ਼ਪੁਰ (ਕੁਮਾਰ) - ਆਨਲਾਈਨ ਪਬਜੀ ਗੇਮ ਖੇਡਣ ਦੀ ਦੀਵਾਨਗੀ ਇਸ ਕਦਰ ਵਧ ਗਈ ਹੈ ਕਿ ਇਸ ਗੇਮ ਨੇ ਲੋਕਾਂ ਨੂੰ ਆਪਣਾ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਪਿੰਡ ਵਜੀਦਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਪਬਜੀ ਗੇਮ ਦਾ ਸ਼ਿਕਾਰ ਹੋਏ ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਰਾਜਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਆਈ.ਟੀ.ਆਈ ਦਾ ਵਿਦਿਆਰਥੀ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਰਾਜਨਪ੍ਰੀਤ ਨੂੰ ਪਬਜੀ ਗੇਮ ਖੇਡਣ ਦੀ ਬੁਰੀ ਆਦਤ ਪੈ ਗਈ ਸੀ। ਉਨ੍ਹਾਂ ਨੇ ਉਸ ਨੂੰ ਕਈ ਵਾਰ ਇਹ ਗੇਮ ਖੇਡਣ ਤੋਂ ਮਨ੍ਹਾ ਵੀ ਕੀਤਾ, ਜਿਸ ਕਾਰਨ ਉਹ ਗੁੱਸੇ 'ਚ 28 ਸਤੰਬਰ ਨੂੰ ਘਰ ਛੱਡ ਕੇ ਚਲਾ ਗਿਆ। ਪਬਜੀ ਗੇਮ ਦਾ ਸ਼ਿਕਾਰ ਹੋਣ ਕਾਰਨ ਉਸ ਨੇ ਗੰਗਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਬੀਤੇ ਦਿਨ ਸ੍ਰੀ ਗੰਗਾਨਗਰ ਦੇ ਨੇੜਲੇ ਪਿੰਡ ਨੇਤੇਵਾਲਾ ਦੀ ਨਹਿਰ 'ਚੋਂ ਇਕ ਲਾਸ਼ ਮਿਲੀ, ਜਿਸ ਦੀ ਪਛਾਣ ਰਾਜਨਪ੍ਰੀਤ ਵਜੋਂ ਹੋਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ।