PSPCL ਨੇ 92 ਖ਼ਪਤਕਾਰਾਂ ਨੂੰ ਬਿਜਲੀ ਚੋਰੀ ਕਰਨ ’ਤੇ ਲਗਾਇਆ 59.11 ਲੱਖ ਰੁਪਏ ਜੁਰਮਾਨਾ

Sunday, Jun 05, 2022 - 11:30 PM (IST)

PSPCL ਨੇ 92 ਖ਼ਪਤਕਾਰਾਂ ਨੂੰ ਬਿਜਲੀ ਚੋਰੀ ਕਰਨ ’ਤੇ ਲਗਾਇਆ 59.11 ਲੱਖ ਰੁਪਏ ਜੁਰਮਾਨਾ

ਚੰਡੀਗੜ੍ਹ (ਬਿਊਰੋ) : ਬਿਜਲੀ ਚੋਰੀ ਦੀਆਂ ਸ਼ਿਕਾਇਤਾਂ ਵਿਰੁੱਧ ਸਖ਼ਤੀ ਨਾਲ ਨਜਿੱਠਦਿਆਂ ਪੀ. ਐੱਸ. ਪੀ. ਸੀ. ਐੱਲ. ਦੀਆਂ ਟੀਮਾਂ ਵੱਲੋਂ ਮੋਹਾਲੀ ਸਰਕਲ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕਰਕੇ ਬਿਜਲੀ ਚੋਰੀ ਅਤੇ ਅਣਅਧਿਕਾਰਤ ਵਰਤੋਂ ਦੇ ਦੋਸ਼ ਹੇਠ 92 ਖਪਤਕਾਰਾਂ ਨੰੂ 59.11 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਥੇ ਜਾਰੀ ਪ੍ਰੈੱਸ ਬਿਆਨ ’ਚ ਸੂੁਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਐਤਵਾਰ ਨੂੰ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੀਆਂ ਟੀਮਾਂ ਨੇ ਜ਼ੀਰਕਪੁਰ ਅਤੇ ਬਨੂੜ ਸਬ-ਡਵੀਜ਼ਨਾਂ ਅਧੀਨ ਪੈਂਦੇ ਕੰਡਾਲਾ, ਨਰਾਇਣਗੜ੍ਹ, ਢਕੋਲੀ, ਥੂਹਾ ਆਦਿ ਸਮੇਤ ਵੱਖ-ਵੱਖ ਪਿੰਡਾਂ ’ਚ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਬਿਜਲੀ ਚੋਰੀ ਦੇ 16 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਇਸ ਸਮੁੱਚੀ ਕਵਾਇਦ ਦੌਰਾਨ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ 4 ਕੇਸ ਵੀ ਸਾਹਮਣੇ ਆਏ ਅਤੇ ਉਲੰਘਣਾ ਕਰਨ ਵਾਲੇ ਅਜਿਹੇ ਖਪਤਕਾਰਾਂ ਨੂੰ 16.67 ਲੱਖ ਰੁਪੲ ਦਾ ਜੁਰਮਾਨਾ ਕੀਤਾ ਗਿਆ ਹੈ।]

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਕੋਈ ਵੀ ਨਹੀਂ ਸੁਰੱਖਿਅਤ

ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਮੋਹਾਲੀ ਡਵੀਜ਼ਨ ਦੇ ਪਿੰਡ ਝਾਮਪੁਰ ਅਤੇ ਸੈਕਟਰ 123 ’ਚ ਵੀ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਬਿਜਲੀ ਚੋਰੀ ਅਤੇ ਅਣਅਧਿਕਾਰਤ ਵਰਤੋਂ ਦੇ 29 ਕੇਸ ਦਰਜ ਕੀਤੇ ਗਏ ਅਤੇ ਨਾਲ ਹੀ 21.44 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਉਨ੍ਹਾਂ ਕਿਹਾ, “ਕੁਝ ਬਿਜਲੀ ਦੇ ਮੀਟਰ ਸ਼ੱਕੀ ਪਾਏ ਗਏ ਹਨ ਅਤੇ ਇਨ੍ਹਾਂ ਟੀਮਾਂ ਨੇ ਉਨ੍ਹਾਂ ਨੂੰ ਮੌਕੇ ’ਤੇ ਸੀਲ ਕਰ ਦਿੱਤਾ ਹੈ ਅਤੇ ਅਗਲੇਰੀ ਅਤੇ ਜ਼ਰੂਰੀ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਲਾਲੜੂ ਡਵੀਜ਼ਨ ਅਧੀਨ ਪੈਂਦੇ ਪਿੰਡ ਸਰਸੀਣੀ, ਤੋਗਾਪੁਰ, ਲਾਲੜੂ, ਲਾਲੜੂ ਮੰਡੀ ਅਤੇ ਧੰਗੇੜਾ ਵਿਖੇ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 19 ਮਾਮਲੇ ਅਤੇ ਅਣਅਧਿਕਾਰਤ ਬਿਜਲੀ ਦੀ ਵਰਤੋਂ ਦੇ 24 ਮਾਮਲੇ ਦਰਜ ਕੀਤੇ ਗਏ ਅਤੇ ਪੀ. ਐੱਸ. ਪੀ. ਸੀ. ਐੱਲ. ਨੇ ਇਨ੍ਹਾਂ ਖਪਤਕਾਰਾਂ ਨੂੰ 21 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ : ਕੇਂਦਰ ਤੇ ਸੂਬਾ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਬਰਨ ਦਿੱਤੀ ਜ਼ੈੱਡ ਸੁਰੱਖਿਆ  

ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਵਚਨਬੱਧ ਹੈ ਅਤੇ ਪੀ. ਐੱਸ. ਪੀ. ਸੀ. ਐੱਲ. ਨੂੰ ਦਾਗੀ ਖਪਤਕਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਸਪੱਸ਼ਟ ਹਦਾਇਤਾਂ ਹਨ। ਉਨ੍ਹਾਂ ਦੱਸਿਆ ਕਿ ਐਨਫੋਰਸਮੈਂਟ ਅਤੇ ਡਿਸਟ੍ਰੀਬਿਊਸ਼ਨ ਵਿੰਗ ਦੀਆਂ ਟੀਮਾਂ ਪੀ. ਐੱਸ. ਪੀ. ਸੀ. ਐੱਲ. ਦੇ ਸਾਰੇ ਜ਼ੋਨਾਂ ’ਚ ਲਗਾਤਾਰ ਚੈਕਿੰਗ ਕਰ ਰਹੀਆਂ ਹਨ ਅਤੇ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਭਾਰੀ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਹਰਭਜਨ ਸਿੰਘ ਈ. ਟੀ. ਓ. ਨੇ ਸਮੂਹ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਦੇ ਖਤਰੇ ਨੂੰ ਕਾਬੂ ਕਰਨ ਲਈ ਅੱਗੇ ਆਉਣ। ਖਪਤਕਾਰ ਵ੍ਹਟਸਐਪ ਨੰਬਰ 96461-75770 ’ਤੇ ਅਸਲ ਜਾਣਕਾਰੀ ਦੇ ਕੇ ਚੋਰੀ ਦੇ ਵਿਰੁੱਧ ਮੁਹਿੰਮ ’ਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ।


author

Manoj

Content Editor

Related News