PSPCL ਵੱਲੋਂ ਭਿੱਖੀਵਿੰਡ ’ਚ ਇਕ ਡੇਰੇ ਨੂੰ ਬਿਜਲੀ ਚੋਰੀ ਲਈ 26 ਲੱਖ ਰੁਪਏ ਜੁਰਮਾਨਾ
Saturday, May 14, 2022 - 03:08 PM (IST)
ਪਟਿਆਲਾ (ਬਿਊਰੋ) : ਪੀ .ਐੱਸ.ਪੀ. ਸੀ. ਐਲ. ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਨਫੋਰਸਮੈਂਟ ਵਿੰਗ ਨੂੰ ਉਸ ਸਮੇਂ ਇੱਕ ਵੱਡੀ ਸਫ਼ਲਤਾ ਮਿਲੀ ਜਦੋਂ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਕਸਬੇ ਵਿੱਚ ਇੱਕ ਡੇਰੇ ਵੱਲੋਂ ਕੀਤੀ ਜਾ ਰਹੀ ਵੱਡੇ ਪੈਮਾਨੇ 'ਤੇ ਬਿਜਲੀ ਚੋਰੀ ਫੜੀ ਗਈ ।ਬੁਲਾਰੇ ਨੇ ਦੱਸਿਆ ਕਿ ਬਿਜਲੀ ਚੋਰੀ ਦੀ ਸ਼ਿਕਾਇਤ ਦੀ ਪੜਤਾਲ ਕਰਨ ਲਈ ਇੰਨਫੋਰਸਮੈਂਟ ਵਿੰਗ ਦੀ ਤਰਨਤਾਰਨ ਟੀਮ ਜਦੋਂ ਭਿੱਖੀਵਿੰਡ ਵਿਖੇ ਇੱਕ ਡੇਰੇ 'ਤੇ ਪਹੁੰਚੀ ਤਾਂ ਮੌਕੇ 'ਤੇ ਪਤਾ ਲੱਗਾ ਕਿ ਡੇਰੇ ਵਲੋ ਗੈਰ -ਕਾਨੂੰਨੀ ਰੂਪ ਨਾਲ ਇਕ ਨਜਾਇਜ਼ ਟਰਾਂਸਫਾਰਮਰ ਨੂੰ ਸਿੱਧੇ ਤੌਰ 'ਤੇ ਹਾਈ ਟੈਂਸ਼ਨ ਤਾਰਾ ਨਾਲ ਜੋੜ ਕੇ ਉਸ ਤੋਂ ਵੱਡੇ ਪੈਮਾਨੇ ਵਿੱਚ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਇਹ ਵੀ ਪੜੋ :- 5 ਦਿਨਾਂ ਤੋਂ ਲਾਪਤਾ 25 ਸਾਲਾ ਮੁੰਡੇ ਦੀ ਲਾਸ਼ ਬੋਰੀ ਵਿਚੋਂ ਮਿਲੀ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਟੀਮ ਵੱਲੋਂ ਮੌਕੇ 'ਤੇ ਬਿਜਲੀ ਦਾ ਲੋਡ ਚੈੱਕ ਕਰਨ 'ਤੇ 17 ਏ.ਸੀ, 8 ਗੀਜਰ, 4 ਮੋਟਰਾਂ, 196 ਲਾਈਟਾਂ ਅਤੇ 87 ਪੱਖੇ ਤੋਂ ਵੀ ਜ਼ਿਆਦਾ ਲੋਡ ਸਿੱਧੀ ਬਿਜਲੀ ਚੋਰੀ ਰਾਹੀਂ ਚੱਲਦਾ ਪਾਇਆ ਗਿਆ। ਪੀ.ਐੱਸ.ਪੀ.ਸੀ.ਐੱਲ. ਦੇ ਉਪ ਮੰਡਲ ਅਫਸਰ ਸੁਰ-ਸਿੰਘ ਵਲੋਂ ਇਸ ਸਬੰਧੀ ਲਗਭਗ 26 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਸਬੰਧ ਵਿੱਚ ਐੱਫ.ਆਈ.ਆਰ ਕਰਵਾਉਣ ਦਰਜ ਲਈ ਐਂਟੀ ਪਾਵਰ ਥੈਫਟ ਥਾਣਾ ਵੇਰਕਾ, ਅੰਮ੍ਰਿਤਸਰ ਨੂੰ ਵੀ ਸਬੰਧਤ ਦਫ਼ਤਰ ਵਲੋਂ ਲਿਖ ਦਿੱਤਾ ਗਿਆ ਹੈ।
ਇਹ ਵੀ ਪੜੋ :- ਲੁੱਟਾਂ-ਖੋਹਾਂ ਅਤੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ
ਪੀ.ਐੱਸ.ਪੀ.ਸੀ.ਐੱਲ. ਦੇ ਬੁਲਾਰੇ ਵਲੋਂ ਪੰਜਾਬ ਦੇ ਸਾਰੇ ਸਤਿਕਾਰਯੋਗ ਬਿਜਲੀ ਖ਼ਪਤਕਾਰਾਂ ਨੂੰ ਰਾਜ ਵਿੱਚ ਬਿਜਲੀ ਦੀ ਚੋਰੀ ਕਰਨ ਵਾਲਿਆਂ ਦੀ ਸਹੀ ਜਾਣਕਾਰੀ ਦੇ ਕੇ ਇਸ ਨੂੰ ਰੋਕਣ ਵਿੱਚ ਪੀ.ਐੱਸ.ਪੀ.ਸੀ.ਐੱਲ. ਦੀ ਮਦਦ ਕਰਨ ਦੀ ਅਪੀਲ ਕੀਤੀ ਹੈ । ਕੋਈ ਵੀ ਖ਼ਪਤਕਾਰ/ਨਾਗਰਿਕ ਬਿਜਲੀ ਦੀ ਚੋਰੀ ਬਾਰੇ ਵਟਸਐਪ ਨੰਬਰ 96461-75770 ਤੇ ਜਾਣਕਾਰੀ ਦੇ ਸਕਦਾ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਖ਼ਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।