ਪੀ. ਐੱਸ. ਪੀ. ਸੀ. ਐੱਲ. ਨੇ ਬਣਾਇਆ ਨਵਾਂ ਰਿਕਾਰਡ
Saturday, Aug 12, 2023 - 12:07 PM (IST)
ਜਲੰਧਰ (ਪੁਨੀਤ)–ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਵਿਚ ਆਉਂਦੇ ਹੀ ਬੁਨਿਆਦੀ ਸਹੂਲਤਾਂ ’ਤੇ ਫੋਕਸ ਕਰਨਾ ਸ਼ੁਰੂ ਕੀਤਾ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ। ਇਸੇ ਲੜੀ ਵਿਚ ਬਿਜਲੀ ਸਿਸਟਮ ਵਿਚ ਵੱਡੇ ਸੁਧਾਰ ਕਰਕੇ ਪੰਜਾਬ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਗਈ। ਹਰ ਖ਼ੇਤਰ ਨੂੰ ਕੱਟ ਰਹਿਤ ਬਿਨਾਂ ਰੁਕਾਵਟ ਬਿਜਲੀ ਸਪਲਾਈ ਮੁਹੱਈਆ ਕਰਵਾ ਕੇ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੀ ਹੈ। ਬਿਜਲੀ ਦੇ ਖ਼ੇਤਰ ਵਿਚ ਸਰਕਾਰ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਪੀ. ਐੱਸ. ਪੀ. ਸੀ. ਐੱਲ. ਨੇ ਇਸ ਸੀਜ਼ਨ ਵਿਚ ਨਵਾਂ ਰਿਕਾਰਡ ਬਣਾਇਆ ਹੈ। ਇੰਡਸਟਰੀ, ਕਮਰਸ਼ੀਅਲ, ਘਰੇਲੂ ਖ਼ਪਤਕਾਰਾਂ ਸਮੇਤ ਕਿਸਾਨਾਂ ਨੂੰ ਇਸ ਸੀਜ਼ਨ ਵਿਚ ਬਿਨਾਂ ਰੁਕਾਵਟ ਸਪਲਾਈ ਮੁਹੱਈਆ ਕਰਵਾਈ ਗਈ ਹੈ। ਝੋਨੇ ਦੇ ਸੀਜ਼ਨ ਵਿਚ ਸਰਕਾਰ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਨ ਵਿਚ ਸਰਕਾਰ ਖਰਾ ਉਤਰੀ ਹੈ। ਇਸੇ ਕਾਰਨ ਇਸ ਵਾਰ ਜੂਨ ਦੇ ਪੀਕ ਸੀਜ਼ਨ ਦੌਰਾਨ 15,000 ਮੈਗਾਵਾਟ ਤੋਂ ਵੱਧ ਦੀ ਡਿਮਾਂਡ ਦੀ ਪੂਰਤੀ ਕੀਤੀ ਗਈ ਹੈ।
ਪਿਛਲੇ ਸਾਲ 29 ਜੂਨ ਨੂੰ ਬਿਜਲੀ ਦੀ ਵੱਧ ਤੋਂ ਵੱਧ ਡਿਮਾਂਡ 14,311 ਮੈਗਾਵਾਟ ਰਹੀ ਸੀ, ਜਦਕਿ ਇਸ ਵਾਰ 1014 ਮੈਗਾਵਾਟ ਦੇ ਵਾਧੇ ਨਾਲ ਇਹ ਮੰਗ 15,000 ਮੈਗਾਵਾਟ ਤੋਂ ਉਪਰ ਪੁੱਜ ਗਈ। ਪਾਵਰਕਾਮ ਨੇ 23 ਜੂਨ ਨੂੰ 15,325 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਨੂੰ ਪੂਰਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਆਯਾਮ ਛੂਹਣ ਲਈ ਪੀ. ਐੱਸ. ਪੀ. ਸੀ. ਐੱਲ. ਨੂੰ ਬਿਜਲੀ ਸਿਸਟਮ ਵਿਚ ਵੱਡੇ ਪੱਧਰ ’ਤੇ ਸੁਧਾਰ ਕਰਨੇ ਪਏ ਹਨ, ਜਿਸ ਨਾਲ ਵਿਭਾਗ ਨੇ ਬਿਜਲੀ ਸਪਲਾਈ ਦੇ ਕ੍ਰਮ ਵਿਚ 7 ਫ਼ੀਸਦੀ ਵਾਧਾ ਦਰਜ ਕੀਤਾ। ਇਸੇ ਤਰ੍ਹਾਂ 15,325 ਮੈਗਾਵਾਟ ਦੀ ਮੰਗ ਪੂਰੀ ਕਰਨਾ ਸੌਖਾ ਟੀਚਾ ਨਹੀਂ ਸੀ ਕਿਉਂਕਿ ਜੂਨ ਮਹੀਨੇ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਸੀ। ਇਸ ਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਨੇ ਬਿਨਾਂ ਕੱਟ ਲਾਏ ਇਸ ਮੰਗ ਨੂੰ ਪੂਰਾ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ।
ਇਹ ਵੀ ਪੜ੍ਹੋ- ਪਲਾਂ 'ਚ ਉੱਜੜਿਆ ਪਰਿਵਾਰ, ਤੀਜੀ ਜਮਾਤ 'ਚ ਪੜ੍ਹਦੀ ਕੁੜੀ ਨੂੰ ਸੱਪ ਨੇ ਡੱਸਿਆ, ਤੜਫ਼-ਤੜਫ਼ ਕੇ ਹੋਈ ਮੌਤ
ਮਾਨ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਪੀ. ਐੱਸ. ਪੀ. ਸੀ. ਐੱਲ. ਵੱਲੋਂ ਬਿਜਲੀ ਸਿਸਟਮ ਨੂੰ ਸੁਧਾਰਨ ਦੇ ਕੰਮ ਸ਼ੁਰੂ ਕੀਤੇ ਗਏ ਅਤੇ ਵੱਡੇ ਪੱਧਰ ’ਤੇ ਕੰਮ ਕਰਦੇ ਹੋਏ 63 ਸਬ-ਸਟੇਸ਼ਨਾਂ ਨੂੰ ਅਪਗ੍ਰੇਡ ਕੀਤਾ ਗਿਆ। ਇਸੇ ਲੜੀ ਵਿਚ 66 ਕੇ. ਵੀ. ਦੇ 11 ਨਵੇਂ ਸਬ-ਸਟੇਸ਼ਨ ਲਗਾਉਣਾ ਵਿਭਾਗ ਦੀ ਵੱਡੀ ਪ੍ਰਾਪਤੀ ਹੈ। 66 ਕੇ. ਵੀ. ਦੇ ਨਵੇਂ ਸਬ-ਸਟੇਸ਼ਨ ਲਗਾਉਣ ਦੇ ਨਾਲ-ਨਾਲ ਵਿਭਾਗ ਵਲੋਂ 52 ਸਬ-ਸਟੇਸ਼ਨਾਂ ਨੂੰ ਅਪਗ੍ਰੇਡ ਕੀਤਾ ਗਿਆ ਅਤੇ ਇਨ੍ਹਾਂ ਦੀ ਲੋਡ ਸਮਰੱਥਾ ਵਧਾਉਂਦੇ ਹੋਏ ਨਵੇਂ ਟ੍ਰਾਂਸਫਾਰਮਰ ਸਥਾਪਤ ਕੀਤੇ ਗਏ। ਇਸ ਕਾਰਨ ਕੁਲ 63 ਸਬ-ਸਟੇਸ਼ਨ ਅਪਗ੍ਰੇਡ ਹੋਏ। ਟ੍ਰਾਂਸਮਿਸ਼ਨ ਲਾਈਨਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਵੱਧ ਤੋਂ ਵੱਧ ਖ਼ਪਤਕਾਰਾਂ ਤੱਕ ਅਪ੍ਰੋਚ ਕਰਨ ਦੇ ਟਾਰਗੈੱਟ ਦੇ ਨਾਲ ਕੀਤੇ ਗਏ ਕੰਮਾਂ ਤਹਿਤ ਪਾਵਰਕਾਮ ਨੇ 378 ਕਿਲੋਮੀਟਰ ਲੰਬੀਆਂ 66 ਕੇ. ਵੀ. ਟ੍ਰਾਂਸਮਿਸ਼ਨ ਲਾਈਨਾਂ ਸਥਾਪਤ ਕੀਤੀਆਂ।
352 ਫੀਡਰ, 27,000 ਟ੍ਰਾਂਸਫਾਰਮਰ ਸਥਾਪਤ ਕੀਤੇ
ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਲੋਅ ਵੋਲਟੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਪਾਵਰਕਾਮ ਵੱਲੋਂ ਕਈ ਮਹੱਤਵਪੂਰਨ ਕੰਮ ਕੀਤੇ ਗਏ ਹਨ, ਜਿਸ ਨਾਲ ਹਰੇਕ ਜ਼ੋਨ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ। ਇਸੇ ਤਹਿਤ ਪਾਵਰਕਾਮ ਦੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਦੀ ਪ੍ਰਗਤੀਸ਼ੀਲ ਅਗਵਾਈ ਹੇਠ ਵਿਭਾਗ ਨੇ 11 ਕੇ. ਵੀ. ਦੇ 352 ਨਵੇਂ ਫੀਡਰ ਸਥਾਪਤ ਕੀਤੇ, ਜਿਸ ਨਾਲ ਲੋਅ ਵੋਲਟੇਜ ਦੀ ਸਮੱਸਿਆ ਖ਼ਤਮ ਹੋਣ ਦੇ ਨਾਲ-ਨਾਲ ਸੰਬੰਧਤ ਇਲਾਕਿਆਂ ਵਿਚ ਨਵੇਂ ਕੁਨੈਕਸ਼ਨ ਰਿਲੀਜ਼ ਹੋ ਸਕੇ। ਇਸ ਸਭ ਨਾਲ ਖ਼ਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸੇ ਤਰ੍ਹਾਂ ਵਿਭਾਗ ਵੱਲੋਂ ਫਾਲਟ ਦੀ ਸਮੱਸਿਆ ਨਾਲ ਨਜਿੱਠਣ ਲਈ ਲੋਡ ਸਮਰੱਥਾ ਵਧਾਉਣ ’ਤੇ ਫੋਕਸ ਕੀਤਾ ਗਿਆ। ਵਿਭਾਗ ਨੇ 27,047 ਨਵੇਂ ਟ੍ਰਾਂਸਫਾਰਮਰ ਲਾਏ, ਜਿਸ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਾਲਟ ਘੱਟ ਪਏ ਅਤੇ ਲੋਕਾਂ ਨੂੰ ਬਿਨਾਂ ਰੁਕਾਵਟ ਸਪਲਾਈ ਮਿਲ ਸਕੀ।
ਇਹ ਵੀ ਪੜ੍ਹੋ- ਜਲੰਧਰ ਦੇ ਸਕੇ ਭਰਾਵਾਂ ਦਾ ਸ਼ਰੇਆਮ ਹਾਈਵੇਅ ’ਤੇ ਕਤਲ, ਕੋਲ ਖੜ੍ਹ ਮੌਤ ਦਾ ਤਾਂਡਵ ਵੇਖਦੇ ਰਹੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ