ਬੱਸ ਯਾਤਰੀਆਂ ਲਈ ਅਹਿਮ ਖ਼ਬਰ, ਇਸ ਦਿਨ ਝੱਲਣੀ ਪੈ ਸਕਦੀ ਹੈ ਭਾਰੀ ਪ੍ਰੇਸ਼ਾਨੀ
Monday, Apr 17, 2023 - 12:21 PM (IST)
ਜਲੰਧਰ (ਪੁਨੀਤ)– ਪਨਬਸ- ਪੀ. ਆਰ. ਟੀ. ਸੀ. ਠੇਕਾ ਵਰਕਰ ਯੂਨੀਅਨ ਵੱਲੋਂ ਸਥਾਨਕ ਬੱਸ ਅੱਡੇ ’ਚ ਯੂਨੀਅਨ ਦੇ ਸਰਪ੍ਰਸਤ ਕਮਲ ਕੁਮਾਰ ਦੀ ਪ੍ਰਧਾਨਗੀ ’ਚ ਸੂਬਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪੈਂਡਿੰਗ ਮੰਗਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਦੇ ਸੱਦੇ ’ਤੇ ਬੁਲਾਈ ਗਈ ਮੀਟਿੰਗ ’ਚ ਬੁਲਾਰਿਆਂ ਨੇ ਕਿਹਾ ਕਿ ਅਧਿਕਾਰੀਆਂ ਦੇ ਨਾਲ ਕਈ ਵਾਰ ਹੋਈਆਂ ਮੀਟਿੰਗਾਂ ’ਚ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਜਾ ਚੁੱਕਾ ਹੈ ਪਰ ਫਾਈਲਾਂ ਅੱਗੇ ਨਹੀਂ ਵਧਾਈਆਂ ਜਾ ਰਹੀਆਂ, ਜਿਸ ਨਾਲ ਵਰਕਰਾਂ ’ਚ ਰੋਸ ਵਧਦਾ ਜਾ ਰਿਹਾ ਹੈ। ਆਗਾਮੀ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਫ਼ੈਸਲੇ ਲਏ ਗਏ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਿਭਾਗ ’ਚ ਨਵੇਂ ਠੇਕੇਦਾਰ ਨੂੰ ਭਰਤੀ ਕਰਵਾਉਣ ਲਈ 6 ਡਿਪੂਆਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 28 ਨਵੇਂ ਡਰਾਈਵਰਾਂ ਦੀਆਂ ਤਨਖ਼ਾਹਾਂ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ :ਬਾਬੇ ਵਾਲੇ ਚੋਲੇ 'ਚ ਕਰਦਾ ਸੀ ਕਾਲਾ ਧੰਦਾ, ਜਦੋਂ ਚੜ੍ਹਿਆ ਪੁਲਸ ਹੱਥੇ ਤਾਂ ਖੁੱਲ੍ਹ ਗਏ ਸਾਰੇ ਭੇਤ
ਸ਼ਮਸ਼ੇਰ ਸਿੰਘ ਨੇ ਕਿਹਾ ਕਿ 18 ਅਪ੍ਰੈਲ ਤਕ ਸਾਰੇ ਵਰਕਰਾਂ ਦੀ ਤਨਖ਼ਾਹ ਜਾਰੀ ਨਹੀਂ ਕੀਤੀ ਗਈ ਤਾਂ 19 ਅਪ੍ਰੈਲ ਨੂੰ ਪੰਜਾਬ ਦੇ ਸਾਰੇ 27 ਡਿਪੂਆਂ ਨੂੰ ਬੰਦ ਕਰਕੇ ਸਖ਼ਤ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਸਰਕਾਰੀ ਬੱਸ ਨੂੰ ਡਿਪੂਆਂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ ਫਿਲਹਾਲ 1 ਦਿਨ ਲਈ ਡਿਪੂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜੇਕਰ ਨੇਤਾਵਾਂ ਨੇ ਕਿਹਾ ਤਾਂ ਇਸ ਰੋਸ ਪ੍ਰਦਰਸ਼ਨ ਨੂੰ ਅੱਗੇ ਵਧਾਇਆ ਜਾਵੇਗਾ। ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ, ਸੱਤਪਾਲ ਸਿੰਘ ਸੱਤਾ, ਜੁਆਇੰਟ ਸਕੱਤਰ ਜਲੌਰ ਸਿਘ, ਜੋਧ ਸਿੰਘ ਨੇ ਕਿਹਾ ਕਿ ਇਸੇ ਕੜੀ ਤਹਿਤ 24 ਅਪ੍ਰੈਲ ਨੂੰ ਜਲੰਧਰ ’ਚ ਜਨਤਕ ਮੀਟਿੰਗ ਕਰਕੇ ਭ੍ਰਿਸ਼ਟ ਵਿਭਾਗੀ ਅਧਿਕਾਰੀਆਂ ਦੇ ਨਾਂ ਸਬੂਤਾਂ ਸਮੇਤ ਜਨਤਕ ਕੀਤੇ ਜਾਣਗੇ। ਜੱਲੇਵਾਲ ਅਤੇ ਸੱਤਾ ਨੇ ਕਿਹਾ ਕਿ ਇਸ ਦੌਰਾਨ ਵੀ ਸਰਕਾਰ ਨੇ ਕੋਈ ਕਦਮ ਨਾ ਉਠਾਇਆ ਤਾਂ 26 ਅਪ੍ਰੈਲ ਮਹਾਨਗਰ ਜਲੰਧਰ ’ਚ ਜਲੂਸ ਕੱਢਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ’ਚ ਪੰਜਾਬ ਦੇ ਸਾਰੇ 27 ਡਿਪੂਆਂ ਦੇ ਅਹੁਦੇਦਾਰਾਂ ਤੇ ਯੂਨੀਅਨ ਨੇਤਾ ਮੌਜੂਦ ਰਹਿ ਕੇ ਆਪਣੀ ਭੜਾਸ ਕੱਢਣਗੇ। ਇਸ ਮੌਕੇ ਹਰਕੇਸ਼ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ ਪਨੂੰ, ਪ੍ਰਦੀਪ ਕੁਮਾਰ, ਸਤਵਿੰਦਰ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਢਿੱਲੋਂ, ਸੁਖਪਾਲ ਸਿੰਘ, ਪਰਮਜੀਤ ਸਿੰਘ, ਚਾਨਣ ਸਿੰਘ, ਰਮਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਰਵਿੰਦਰ ਸਿੰਘ, ਸੁਖਪਾਲ ਸਿੰਘ, ਅਮਰਜੀਤ ਸਿੰਘ ਅਤੇ ਹੋਰ ਮੌਜੂਦ ਰਹੇ।
5 ਫ਼ੀਸਦੀ ਤਨਖ਼ਾਹ ਵਾਧਾ ਮੰਗਿਆ, ਕਿਲੋਮੀਟਰ ਬੱਸਾਂ ਪਾਉਣ ਦਾ ਵਿਰੋਧ ਪ੍ਰਗਟਾਇਆ
ਯੂਨੀਅਨ ਨੇਤਾ ਸ਼ਮਸ਼ੇਰ ਸਿੰਘ, ਦਲਜੀਤ ਸਿੰਘ, ਸੱਤਪਾਲ ਸਿੰਘ ਸੱਤਾ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਵਰਕਰਾਂ ਦੀ ਤਨਖਾਹ ’ਚ 5 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰ ਬਦਲਣ ’ਤੇ ਤਨਖਾਹ ਵਾਧੇ ਦੀ ਫਾਈਲ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਗਿਆ। ਯੂਨੀਅਨ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦੇ ਤਨਖਾਹ ’ਚ 5 ਫ਼ੀਸਦੀ ਵਾਧਾ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦਾ ਸਰਕਾਰ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਸ ਨਾਲ ਵਿਭਾਗ ਨੂੰ ਵੱਡਾ ਨੁਕਸਾਨ ਹੋਵੇਗਾ। ਯੂਨੀਅਨ ਇਸ ਫ਼ੈਸਲੇ ਨੂੰ ਕਦੇ ਲਾਗੂ ਨਹੀਂ ਹੋਣ ਦੇਵੇਗੀ। ਮੰਗ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ 1.10.22 ਤੋਂ 5 ਫੀਸਦੀ ਤਨਖਾਹ ਵਾਧਾ ਲਾਗੂ ਕਰਕੇ ਬਣਦਾ ਬਕਾਇਆ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ :ਗੋਰਾਇਆ 'ਚ ਵੱਡੀ ਵਾਰਦਾਤ, ਹਮਲਾਵਰਾਂ ਵੱਲੋਂ ਘਰ 'ਚ ਦਾਖ਼ਲ ਹੋ ਕੇ ਇਕ ਵਿਅਕਤੀ ਦਾ ਕਤਲ
ਨੌਕਰੀ ਤੋਂ ਕੱਢੇ ਗਏ ਵਰਕਰਾਂ ਨੂੰ ਬਹਾਲ ਕੀਤਾ ਜਾਵੇ
ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਛੋਟੀ-ਛੋਟੀ ਰਿਪੋਰਟ ਦੇ ਆਧਾਰ ’ਤੇ ਸੈਂਕੜੇ ਵਰਕਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਉਕਤ ਵਰਕਰਾਂ ਨੂੰ ਚਿਤਾਵਨੀ ਦੇ ਕੇ ਜਾਂ ਜੁਰਮਾਨਾ ਲਾ ਕੇ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਵਿਭਾਗ ਨੇ ਇਸ ਦੇ ਉਲਟ ਜਾ ਕੇ ਵਰਕਰਾਂ ਨੂੰ ਬੇਰੋਜ਼ਗਾਰ ਕਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਵਰਕਰਾਂ ਨੂੰ ਨੌਕਰੀ ’ਤੇ ਵਾਪਸ ਰੱਖਿਆ ਜਾਏ। ਉਹੀ ਭਵਿੱਖ ’ਚ ਛੋਟੇ-ਛੋਟੇ ਕੇਸਾਂ ਦੇ ਲਈ ਸਜ਼ਾ ਨਿਰਧਾਰਿਤ ਕੀਤੀ ਜਾਵੇ। ਨੌਕਰੀ ਤੋਂ ਕੱਢਣ ਦੇ ਨਿਯਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ :ਪਹਿਲਾਂ 17 ਸਾਲਾ ਮੁੰਡੇ ਨੂੰ ਧੋਖੇ ਨਾਲ ਕੀਤਾ ਅਗਵਾ, ਫਿਰ ਕਾਰ ਸਣੇ ਨਹਿਰ ’ਚ ਸੁੱਟ ਦਿੱਤਾ ਦੋ ਭੈਣਾਂ ਦਾ ਇਕਲੌਤਾ ਭਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।