ਬੀਬੀਆਂ ਦਾ ਮੁਫ਼ਤ ਸਫ਼ਰ PRTC ਨੂੰ ਪੈਣ ਲੱਗਾ ਮਹਿੰਗਾ! ਆਖ਼ਰੀ ਵਾਰ ਦਸੰਬਰ ਨੇੜੇ ਹੋਈ ਸੀ ਪੇਮੈਂਟ

05/07/2022 12:33:05 PM

ਪਟਿਆਲਾ (ਜ. ਬ., ਲਖਵਿੰਦਰ) : ਪੰਜਾਬ ਦੀ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬੀਬੀਆਂ ਲਈ ਸਰਕਾਰੀ ਬੱਸਾਂ ’ਚ ਸਫ਼ਰ ਮੁਫ਼ਤ ਕਰਨ ਦੀ ਜੋ ਸਕੀਮ ਲਾਗੂ ਕੀਤੀ ਗਈ ਸੀ, ਉਹ ਪੀ. ਆਰ. ਟੀ. ਸੀ. ਨੂੰ ਬਹੁਤ ਮਹਿੰਗੀ ਪੈਣ ਲੱਗੀ ਹੈ। ਪਿਛਲੇ 4 ਮਹੀਨਿਆਂ ’ਚ ਪੀ. ਆਰ. ਟੀ. ਸੀ. ਨੂੰ ਮੁਫ਼ਤ ਬੱਸ ਸਫ਼ਰ ਦੇ ਏਵਜ਼ ’ਚ ਪੰਜਾਬ ਸਰਕਾਰ ਪਾਸੋਂ ਇਕ ਧੇਲਾ ਵੀ ਨਹੀਂ ਮਿਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਨੂੰ ਬੀਬੀਆਂ ਲਈ ਮੁਫ਼ਤ ਬੱਸ ਸਕੀਮ ਤਹਿਤ ਅਖ਼ੀਰਲੀ ਵਾਰ ਪੇਮੈਂਟ ਦਸੰਬਰ ਨੇੜੇ ਹੋਈ ਸੀ।

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਵੱਡਾ ਝਟਕਾ, ਇਕ ਹਜ਼ਾਰ ਤੋਂ ਪਾਰ ਹੋਇਆ ਘਰੇਲੂ ਗੈਸ ਸਿਲੰਡਰ

ਇਸ ਮਗਰੋਂ ਜਨਵਰੀ ਤੋਂ ਅਪ੍ਰੈਲ ਤੱਕ ਲੰਘੇ 4 ਮਹੀਨਿਆਂ ’ਚ ਇਕ ਧੇਲਾ ਵੀ ਪੰਜਾਬ ਸਰਕਾਰ ਪਾਸੋਂ ਨਹੀਂ ਮਿਲਿਆ। ਇਸ ਸਕੀਮ ਦੇ ਤਹਿਤ 31 ਮਾਰਚ ਤੱਕ ਤਕਰੀਬਨ 100 ਕਰੋੜ ਰੁਪਏ ਦੀ ਰਕਮ ਪੰਜਾਬ ਸਰਕਾਰ ਵੱਲ ਬਕਾਇਆ ਖੜ੍ਹੀ ਹੈ। ਸਕੀਮ ਮੁਤਾਬਕ ਹਰ ਵਰਗ ਦੀਆਂ ਕੁੜੀਆਂ ਤੇ ਔਰਤਾਂ ਲਈ ਬੱਸ ਸਫ਼ਰ ਮੁਫ਼ਤ ਹੈ। ਔਰਤਾਂ ਜੋ ਸਫ਼ਰ ਕਰਦੀਆਂ ਹਨ, ਉਨ੍ਹਾਂ ਨੂੰ ਸਿਫਰ ਕਿਰਾਏ ਵਾਲੀ ਖ਼ਾਲੀ ਟਿਕਟ ਦਿੱਤੀ ਜਾਂਦੀ ਹੈ, ਜਦੋਂ ਕਿ ਪੀ. ਆਰ. ਟੀ. ਸੀ., ਪੰਜਾਬ ਰੋਡਵੇਜ਼ ਜਾਂ ਪਨਬੱਸ ਕੋਲ ਇਹ ਅੰਕੜਾ ਆ ਜਾਂਦਾ ਹੈ ਕਿ ਕਿੰਨਾ ਕਿਰਾਇਆ ਬਣਿਆ।

ਇਹ ਵੀ ਪੜ੍ਹੋ : ਪਟਿਆਲਾ ਤੋਂ ਵੱਡੀ ਖ਼ਬਰ : ਪੰਜਾਬ ਪੁਲਸ ਤੇ PRTC ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ

ਇਸ ਮੁਤਾਬਕ ਸਰਕਾਰ ਕੋਲੋਂ ਸਕੀਮ ਦੇ ਪੈਸੇ ਪ੍ਰਾਪਤ ਕੀਤੇ ਜਾਂਦੇ ਹਨ। ਇਸ ਮਾਮਲੇ ’ਚ ਜਦੋਂ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਪੂਨਮਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਝ ਰਾਸ਼ੀ ਪੈਂਡਿੰਗ ਜ਼ਰੂਰ ਹੈ ਪਰ ਪੇਮੈਂਟ ਆਈ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਨਵੀਂ ਸਰਕਾਰ ਦੇ ਖਟਕੜ ਕਲਾਂ ਵਿਖੇ ਹੋਏ ਸਹੁੰ ਚੁੱਕ ਸਮਾਗਮ ਤੇ ਅੰਮ੍ਰਿਤਸਰ ’ਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਲਈ ਜੋ ਬੱਸਾਂ ਗਈਆਂ ਸਨ, ਉਨ੍ਹਾਂ ਦੀ ਅਦਾਇਗੀ ਡਿਪਟੀ ਕਮਿਸ਼ਨਰਾਂ ਦੇ ਖ਼ਾਤਿਆਂ ਰਾਹੀਂ ਕੀਤੀ ਜਾ ਰਹੀ ਹੈ ਤੇ ਕੁੱਝ ਅਦਾਇਗੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੀ ਤਿਆਰੀ, ਪ੍ਰਿੰਸੀਪਲਾਂ ਨਾਲ ਵੱਡੀ ਮੀਟਿੰਗ ਕਰਨਗੇ CM ਭਗਵੰਤ ਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News