ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੇ ਪੈਨਸ਼ਨਰਾਂ ਨੂੰ ਸਮੇਂ ਸਿਰ ਨਹੀਂ ਮਿਲਦੀ ਪੈਨਸ਼ਨ
Wednesday, May 11, 2022 - 04:58 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪੀ. ਆਰ. ਟੀ. ਸੀ. ਦੇ ਪੈਨਸ਼ਨਰਜ਼ ਨੂੰ ਸਮੇਂ ਸਿਰ ਪੈਨਸ਼ਨ ਨਹੀਂ ਮਿਲਦੀ, ਜਿਸ ਕਰਕੇ ਪੈਨਸ਼ਨਰ ਬੇਹੱਦ ਦੁਖੀ ਹਨ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਪੈਨਸ਼ਨਾਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਇਹ ਮੁੱਦੇ ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਵਿਚ ਉਠੇ। ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਡਿਪੂ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਲੇਟ ਹੋਣ ਅਤੇ ਬਕਾਇਆਂ ਦੀ ਅਦਾਇਗੀ ਨਾ ਹੋਣ ਕਾਰਨ ਨਰਾਜ਼ਗੀ ਪਰਗਟ ਕੀਤੀ ਗਈ। ਮੀਟਿੰਗ ਦੌਰਾਨ ਹੀ ਐੱਮ. ਡੀ. ਪੀ. ਆਰ. ਟੀ. ਸੀ. ਨਾਲ ਮੀਟਿੰਗ ਕਰਨ ਉਪਰੰਤ ਵਿਸ਼ੇਸ਼ ਤੌਰ ’ਤੇ ਇਸ ਮੀਟਿੰਗ ਵਿਚ ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ, ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ, ਜਨਰਲ ਸਕੱਤਰ ਬਚਨ ਸਿੰਘ ਅਰੋੜਾ, ਸਕੱਤਰ ਜਨਰਲ ਹਰੀ ਸਿੰਘ ਚਮਕ ਤੇ ਕੈਸ਼ੀਅਰ ਅਮੋਲਕ ਸਿੰਘ ਸ਼ਾਮਲ ਹੋਏ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਐਮ. ਡੀ. ਸਾਹਿਬ ਨਾਲ ਹੋਈ ਮੀਟਿੰਗ ਬਾਰੇ ਪੈਨਸ਼ਨਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ. ਡੀ. ਨੇ ਕਿਹਾ ਹੈ ਕਿ ਸਰਕਾਰ ਨਵੀਂ ਬਣਨ ਕਾਰਨ ਸਰਕਾਰ ਦਾ ਬਜਟ ਲੇਟ ਹੋ ਗਿਆ, ਉਨ੍ਹਾਂ ਕਿਹਾ ਕਿ ਕੁਝ ਪੈਸੇ ਸਰਕਾਰ ਵਲੋਂ ਕਿਸੇ ਹੋਰ ਮੰਤਵ ਲਈ ਆ ਰਹੇ ਹਨ, ਉਨ੍ਹਾਂ ਵਿਚੋਂ ਲੋੜੀਂਦੇ ਪੈਸੇ ਪੈਨਸ਼ਨ ਤੇ ਤਨਖਾਹਾਂ ਵਾਸਤੇ ਹੀ ਵਰਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਕ ਦੋ ਮਹੀਨੇ ਦੀ ਔਖ ਹੈ। ਜੂਨ ਵਿਚ ਬਜਟ ਪਾਸ ਹੋਣ ਮਗਰੋਂ ਪੈਸੇ ਆਉਂਦੇ ਰਹਿਣਗੇ ਤੇ ਪੈਨਸ਼ਨਾਂ ਤੇ ਤਨਖਾਹਾਂ ਸਮੇਂ ਸਿਰ ਪੈਂਦੀਆਂ ਰਹਿਣਗੀਆਂ। ਸਾਰੇ ਪੈਨਸ਼ਨਰਾਂ ਨੇ ਇਸ ਵਿਸ਼ਵਾਸ਼ ਦਾ ਸਵਾਗਤ ਕੀਤਾ ਤੇ ਐੱਮ. ਡੀ. ਵਲੋਂ ਅਦਾਰੇ ਲਈ ਕੀਤੇ ਜਾ ਰਹੇ ਉਦਮਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਜੋਗਿੰਦਰ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਐਮ. ਡੀ. ਵਲੋਂ ਅਦਾਰੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਕੋਸ਼ਿਸ਼ ਕਰਨ ਦੀ ਸ਼ਲਾਘਾ ਕੀਤੀ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸ਼ਿਵ ਕੁਮਾਰ ਸ਼ਰਮਾ ਜਨਰਲ ਸਕੱਤਰ, ਜਗਤਾਰ ਸਿੰਘ ਚੇਅਰਮੈਨ ਨੇ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਬਖਸ਼ੀਸ਼ ਸਿੰਘ ਦਫ਼ਤਰ ਸਕੱਤਰ, ਤਰਲੋਕ ਸਿੰਘ, ਕਸਤੂਰੀ ਲਾਲ ਤੇ ਬਲਵੰਤ ਸਿੰਘ ਕੈਸ਼ੀਅਰ ਭਰਪੂਰ ਯੋਗਦਾਨ ਪਾਇਆ।