ਰੋਡਵੇਜ਼ ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

Tuesday, Aug 22, 2017 - 07:06 AM (IST)

ਰੋਡਵੇਜ਼ ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਰੋਡਵੇਜ਼ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ ਜੁਆਇੰਟ ਫੋਰਮ ਦੇ ਸੱਦੇ 'ਤੇ ਰੋਡਵੇਜ਼ ਵਰਕਸ਼ਾਪ ਸਾਹਮਣੇ ਗੇਟ ਰੈਲੀ ਕੀਤੀ ਗਈ। ਆਪਣੀਆਂ ਮੰਗਾਂ ਨੂੰ ਲੈ ਕੇ ਰੋਡਵੇਜ਼ ਇੰਪਲਾਈਜ਼ ਯੂਨੀਅਨ ਪੰਜਾਬ (ਆਜ਼ਾਦ) ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ 'ਚ ਕੀਤੀ ਗੇਟ ਰੈਲੀ ਦੌਰਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਆਗੂਆਂ ਨੇ ਸਰਕਾਰ ਤੇ ਰੋਡਵੇਜ਼ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਰੋਡਵੇਜ਼ 'ਚ ਆਊਟ ਸੋਰਸਿੰਗ ਨੂੰ ਬੰਦ ਕਰ ਕੇ ਰੈਗੂਲਰ ਭਰਤੀ ਕੀਤੀ ਜਾਵੇ। ਆਪਣੇ ਸੰਬੋਧਨ ਵਿਚ ਯੂਨੀਅਨ ਆਗੂਆਂ ਰਜਿੰਦਰ ਸਿੰਘ, ਜਸਵੀਰ ਸਿੰਘ, ਧਿਆਨ ਦਾਸ, ਰਮੇਸ਼ ਕੁਮਾਰ, ਸਤਨਾਮ ਸਿੰਘ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਤੋਂ ਉਮੀਦ ਲਾਈ ਗਈ ਸੀ ਕਿ ਨਵੀਂ ਪਾਲਸੀ ਰੋਡਵੇਜ਼ ਨੂੰ ਬੜ੍ਹਾਵਾ ਦੇਣ ਲਈ ਬਣਾਈ ਜਾਵੇਗੀ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਵੀ ਰੋਡਵੇਜ਼ 'ਚ ਪ੍ਰਾਈਵੇਟ ਸਿਸਟਮ ਨੂੰ ਹੀ ਬੜ੍ਹਾਵਾ ਦੇਣ ਦੀ ਨੀਤੀ ਬਣਾ ਰਹੀ ਹੈ। 
ਉਨ੍ਹਾਂ ਦੋਸ਼ ਲਾਇਆ ਕਿ 17 ਜੁਲਾਈ 2017 ਨੂੰ ਪੰਜਾਬ ਸਰਕਾਰ ਵੱਲੋਂ ਹਾਈਕੋਰਟ 'ਚ ਹਲਫਨਾਮਾ ਦਾਇਰ ਕਰਨ ਤੋਂ ਬਾਅਦ 21 ਜੁਲਾਈ ਨੂੰ 12210 ਪਰਮਿਟ ਰੱਦ ਕਰਨ ਦੇ ਆਰਡਰ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਰੋਡਵੇਜ਼ ਤੇ ਪਨਬੱਸ ਲਈ ਇਕ ਵੀ ਬੱਸ ਨਹੀਂ ਖਰੀਦੀ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਹੋਰ ਵੀ ਮੁਨਾਫ਼ਾ ਦੇਣ ਦਾ ਸਮਾਂ ਦੇ ਰਹੀ ਹੈ। ਬੁਲਾਰਿਆਂ ਨੇ ਰੋਡਵੇਜ਼ ਮੁਲਾਜ਼ਮਾਂ ਦੀਆਂ ਲਟਕਦੀਆਂ ਹੋਰ ਵੀ ਮੰਗਾਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ।


Related News