ਸੰਗਰੂਰ: ''ਭਾਰਤ ਬੰਦ'' ਦੌਰਾਨ ਦਿਸਿਆ ਮਿਲਿਆ-ਜੁਲਿਆ ਅਸਰ
Wednesday, Jan 08, 2020 - 12:30 PM (IST)

ਸੰਗਰੂਰ (ਦਲਜੀਤ ਬੇਦੀ): ਭਾਰਤ 'ਚ ਅੱਜ ਵੱਖ-ਵੱਖ ਟਰੇਡ ਯੂਨੀਅਨਸ ਵਲੋਂ ਸਰਕਾਰੀ ਨੀਤੀਆਂ ਖਿਲਾਫ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਰੋਡਵੇਜ਼ ਕਰਮਚਾਰੀ, ਬੈਂਕ ਮੁਲਾਜ਼ਮ ਅਤੇ ਫੈਕਟਰੀ ਮੁਲਾਜ਼ਮ, ਕਿਸਾਨ ਯੂਨੀਅਨ ਸ਼ਾਮਲ ਹਨ। ਬੰਦ ਦਾ ਮਿਲਿਆ-ਜੁਲਿਆ ਅਸਰ ਅੱਜ ਸੰਗਰੂਰ 'ਚ ਦੇਖਣ ਨੂੰ ਮਿਲਿਆ। ਸੰਗਰੂਰ ਦੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ ਪਰ ਵੱਖ-ਵੱਖ ਜਥੇਬੰਦੀਆਂ ਵਲੋਂ ਬੰਦ ਦਾ ਸਮਰਥਨ ਦੇਣ ਲਈ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਅੱਜ ਸੰਗਰੂਰ ਦੇ ਬੱਸ ਅੱਡੇ 'ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਅਤੇ ਬੱਸ ਅੱਡਾ ਪੂਰਾ ਤਰ੍ਹਾਂ ਬੰਦ ਪਿਆ ਹੈ।
ਦੱਸਣਯੋਗ ਹੈ ਕਿ ਅੱਜ ਸਰਕਾਰ ਦੀਆਂ 'ਲੋਕ ਵਿਰੋਧੀ' ਨੀਤੀਆਂ ਖਿਲਾਫ 10 ਕੇਂਦਰੀ ਟਰੇਡ ਯੂਨੀਅਨ ਵਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ 'ਚ ਤਕਰੀਬਨ 25 ਕਰੋੜ ਲੋਕ ਹਿੱਸਾ ਲੈ ਰਹੇ ਹਨ। ਇਨ੍ਹਾਂ ਟਰੇਡ ਯੂਨੀਅਨਾਂ ਸਣੇ ਕਈ ਬੈਕਿੰਗ ਯੂਨੀਅਨਾਂ ਅਤੇ ਫੈਡਰੇਸ਼ਨਾਂ ਨੇ ਪਿਛਲੇ ਸਾਲ ਸਤੰਬਰ 'ਚ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਇਸ ਹੜਤਾਲ ਦੌਰਾਨ, ਸਰਵਜਨਿਕ ਟਰਾਂਸਪੋਰਟ, ਦੁੱਧ ਅਤੇ ਸਬਜ਼ੀਆਂ ਤੋਂ ਇਲਾਵਾ ਨੈੱਟਵਰਕਿੰਗ, ਏ.ਟੀ.ਐੱਮ. ਫੰਡ ਟਰਾਂਸਫਰ ਵਰਗੀਆਂ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।