ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ''ਤੇ ਪਾਣੀ ਦੀਆਂ ਵਾਛੜਾਂ ਤੇ ਲਾਠੀਚਾਰਜ
Wednesday, Oct 25, 2017 - 07:00 AM (IST)
ਪਟਿਆਲਾ (ਬਲਜਿੰਦਰ, ਜੋਸਨ) - ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਸਟੈਂਡ ਦੇ ਕੋਲ ਪੁਲ ਹੇਠ ਧਰਨੇ 'ਤੇ ਬੈਠੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉੱਤੇ ਅੱਧੀ ਰਾਤ ਨੂੰ ਪੁਲਸ ਨੇ ਪਾਣੀ ਦੀਆਂ ਵਾਛੜਾਂ ਅਤੇ ਲਾਠੀਚਾਰਜ ਕਰ ਕੇ ਖਦੇੜ ਦਿੱਤਾ। ਰਾਤ 10 ਵਜੇ ਤੱਕ ਸਭ ਕੁੱਝ ਸ਼ਾਂਤ ਸੀ। ਅਚਾਨਕ 11 ਵਜੇ ਹਿਲਜੁਲ ਸ਼ੁਰੂ ਹੋਈ ਅਤੇ 11.30 ਵਜੇ ਤੋਂ ਬਾਅਦ ਇਕਦਮ ਭਾਰੀ ਗਿਣਤੀ ਵਿਚ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਐੈੱਸ. ਡੀ. ਐੈੱਮ. ਅਤੇ ਬਾਕੀ ਪੁਲਸ ਅਧਿਕਾਰੀਆਂ ਨੇ ਬਿਨਾਂ ਕਿਸੇ ਚਿਤਾਵਨੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 'ਤੇ ਵਾਛੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਰਕਰ ਨੇ ਇਧਰ-ਉਧਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੇਡੀ ਪੁਲਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ।
ਰਾਤ ਦੇ ਇਸ ਤਸ਼ੱਦਦ ਵਿਚ ਕੁੱਝ ਮਹਿਲਾਵਾਂ ਭੱਜ ਕੇ ਰੇਲਵੇ ਸਟੇਸ਼ਨ 'ਤੇ ਚਲੀਆਂ ਗਈਆਂ। ਪੁਲਸ ਨੇ ਉਨ੍ਹਾਂ ਨੂੰ ਉਥੋਂ ਵੀ ਬਾਹਰ ਨਹੀਂ ਨਿਕਲਣ ਦਿੱਤਾ। ਉਥੋਂ ਹੀ ਆਪੋ-ਆਪਣੇ ਘਰਾਂ ਨੂੰ ਜਬਰਨ ਭੇਜ ਦਿੱਤਾ। ਜਿਹੜੀਆਂ ਵਰਕਰਾਂ ਦੁੱਖ ਨਿਵਾਰਨ ਸਾਹਿਬ ਚੌਕ ਤੱਕ ਆਈਆਂ, ਪੁਲਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਜਬਰਨ ਫੜ-ਫੜ ਕੇ ਬੱਸਾਂ ਵਿਚ ਬਿਠਾ ਕੇ ਆਪੋ-ਆਪਣੇ ਘਰਾਂ ਨੂੰ ਭੇਜ ਦਿੱਤਾ। ਇਸ ਦੇ ਰੋਸ ਵਿਚ ਆਂਗਣਵਾੜੀ ਵਰਕਰਾਂ ਨੇ ਅੱਜ ਦਿਨ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਸਾਹਮਣੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ।
ਇਥੇ ਦੱਸਣਯੋਗ ਹੈ ਕਿ ਆਂਗਣਵਾੜੀ ਵਰਕਰਾਂ ਨੇ ਕੱਲ ਮੋਤੀ ਮਹਿਲ ਵੱਲ ਰੋਸ ਮਾਰਚ ਕਰਨਾ ਸੀ। ਪੁਲਸ ਨੇ ਉਨ੍ਹਾਂ ਨੂੰ ਬੱਸ ਸਟੈਂਡ ਦੇ ਕੋਲ ਹੀ ਘੇਰ ਲਿਆ ਅਤੇ ਆਂਗਣਵਾੜੀ ਵਰਕਰਾਂ ਨੇ ਉਥੇ ਹੀ ਡੇਰਾ ਲਾ ਕੇ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਸੀ।
ਕੇਂਦਰੀ ਲੀਡਰਸ਼ਿਪ ਨਾਲ ਗੱਲ ਕਰ ਕੇ ਜਲਦ ਸੰਘਰਸ਼ ਵਿੱਢਣ ਦਾ ਐਲਾਨ-ਹਰਜੀਤ ਪੰਜੌਲਾ ਨੇ ਕਿਹਾ ਕਿ ਜਲਦੀ ਹੀ ਕੇਂਦਰੀ ਲੀਡਰਸ਼ਿਪ ਨਾਲ ਗੱਲ ਕਰ ਕੇ ਉਹ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕਰਨਗੇ ਜੋ ਸਰਕਾਰ ਦੇ ਕੰਨ ਖੋਲ੍ਹ ਕੇ ਰੱਖ ਦੇਵੇਗਾ। ਰਾਤ ਨੂੰ ਪੁਲਸ ਵੱਲੋਂ ਕੀਤੀ ਗਈ ਪਾਣੀ ਦੀ ਵਾਛੜ ਅਤੇ ਲਾਠੀਚਾਰਜ ਦੀ ਸਖਤ ਨਿੰਦਾ ਕਰਦਿਆਂ ਹਰਜੀਤ ਪੰਜੌਲਾ ਨੇ ਕਿਹਾ ਕਿ ਇਨ੍ਹਾਂ ਨੇ ਮਹਿਲਾਵਾਂ ਤੱਕ ਨੂੰ ਨਹੀਂ ਬਖਸ਼ਿਆ। ਜੇਕਰ ਸਾਨੂੰ ਉਸੇ ਸਮੇਂ ਦੱਸ ਦਿੱਤਾ ਜਾਂਦਾ ਕਿ ਧਾਰਾ 144 ਲੱਗੀ ਹੋਈ ਹੈ ਤਾਂ ਉਹ ਉਸ ਹਿਸਾਬ ਨਾਲ ਆਪਣੇ ਸੰਘਰਸ਼ ਦਾ ਐਲਾਨ ਕਰਦੇ। ਰਾਤ ਸਮੇਂ ਇਸ ਤਰ੍ਹਾਂ ਮਹਿਲਾਵਾਂ ਨਾਲ ਧੱਕੇਸ਼ਾਹੀ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਮੌਕੇ ਕ੍ਰਿਸ਼ਨਾ ਕੁਮਾਰੀ, ਬਲਰਾਜ ਕੌਰ, ਗੁਰਪ੍ਰੀਤ ਕੌਰ, ਗੁਰਦੀਪ ਕੌਰ, ਗੁਰਮੀਤ ਕੌਰ, ਗੁਰਬਖਸ਼ ਕੌਰ, ਅਨੂਪ ਕੌਰ, ਵਰਿੰਦਰ ਕੌਰ, ਰਾਜਵਿੰਦਰ ਕਾਹਲੋਂ, ਗੁਰਮੇਲ ਕੌਰ, ਜਸਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਗੁਰਮਿੰਦਰ ਕੌਰ, ਹਰਜਿੰਦਰ ਕੌਰ ਤੇ ਬਲਵਿੰਦਰ ਕੌਰ ਭੁਨਰਹੇੜੀ ਆਦਿ ਹਾਜ਼ਰ ਸਨ।
ਕਾਂਗਰਸ ਸਰਕਾਰ ਨਾਦਰਸ਼ਾਹੀ ਰਵੱਈਏ 'ਤੇ ਉਤਰੀ : ਹਰਜੀਤ ਪੰਜੌਲਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਸੁਬਾ ਪ੍ਰਧਾਨ ਹਰਜੀਤ ਪੰਜੌਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਗਿਣਤੀ ਦੇ ਦਿਨਾਂ ਵਿਚ ਨਾਦਰਸ਼ਾਹੀ ਰਵੱਈਏ 'ਤੇ ਉਤਰ ਆਈ ਹੈ। ਹੁਣ ਇਨ੍ਹਾਂ ਨੂੰ ਆਮ ਲੋਕ ਨਹੀਂ ਦਿਖਾਈ ਦੇ ਰਹੇ। ਪਹਿਲਾਂ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ, ਹੁਣ ਘਰ-ਘਰ ਰੁਜ਼ਗਾਰ ਦੇਣਾ ਤਾਂ ਦੂਰ ਜਿਹੜੇ ਰੁਜ਼ਗਾਰ 'ਤੇ ਲੱਗੇ ਹੋਏ ਹਨ, ਉਨ੍ਹਾਂ ਨੂੰ ਵੀ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਸੂਬੇ ਭਰ ਵਿਚ 25883 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰ ਬੇਰੁਜ਼ਗਾਰ ਕਰਨ 'ਤੇ ਤੁਲੀ ਹੋਈ ਹੈ। ਇਸ ਦਾ ਬਦਲਾ ਉਹ 2019 ਦੀਆਂ ਚੋਣਾਂ ਵਿਚ ਲੈਣਗੇ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਖਿਲਾਫ ਇਸੇ ਤਰ੍ਹਾਂ ਜਬਰ-ਜ਼ੁਲਮ ਵਾਲੀ ਨੀਤੀ ਅਪਣਾਈ ਰੱਖੀ ਤਾਂ ਹਰਿਆਣਾ, ਹਿਮਾਚਲ ਤੇ ਦਿੱਲੀ ਤੱਕ ਦੇ ਆਂਗਣਵਾੜੀ ਵਰਕਰ ਤੇ ਹੈਲਪਰ ਪੰਜਾਬ ਵਿਚ ਆਪਣੇ ਡੇਰੇ ਲਾ ਲੈਣਗੇ ਅਤੇ ਸਰਕਾਰ ਦੇ ਨੱਕ ਵਿਚ ਦਮ ਕਰ ਦੇਣਗੇ।
ਹਿਰਾਸਤ 'ਚ ਲਈਆਂ ਆਂਗਣਵਾੜੀ ਆਗੂਆਂ ਨੂੰ ਨਹੀਂ ਮਿਲੀ ਜ਼ਮਾਨਤ
ਜਿਹੜੀਆਂ ਆਂਗਣਵਾੜੀ ਵਰਕਰ ਆਗੂਆਂ ਨੂੰ ਪੁਲਸ ਨੇ ਕਲ ਹਿਰਾਸਤ ਵਿਚ ਲਿਆ ਸੀ, ਉਨ੍ਹਾਂ ਦੀ ਅੱਜ ਵੀ ਜ਼ਮਾਨਤ ਨਹੀਂ ਹੋਈ। ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ ਦਾ ਕਹਿਣਾ ਹੈ ਕਿ ਸਰਕਾਰ ਹੁਣ ਧੱਕੇਸ਼ਾਹੀ 'ਤੇ ਉਤਰ ਆਈ ਹੈ। ਉਨ੍ਹਾਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਅੱਗੇ ਕਿਸੇ ਵੀ ਕੀਮਤ 'ਤੇ ਬੰਦ ਹੋਣ ਵਾਲੀ ਨਹੀਂ ਹੈ।
