ਫਲਾਈ ਐਸ਼ ਵਾਲੇ ਟਰੈਕ ਨੇ ਬਣਾਇਆ ਸਿਹਤ ਲਈ ਖ਼ਤਰਾ, ਅਪੀਲ ਦੇ ਬਾਵਜੂਦ ਪ੍ਰਸ਼ਾਸਨ ਚੁੱਪ

Saturday, Apr 25, 2026 - 04:28 PM (IST)

ਫਲਾਈ ਐਸ਼ ਵਾਲੇ ਟਰੈਕ ਨੇ ਬਣਾਇਆ ਸਿਹਤ ਲਈ ਖ਼ਤਰਾ, ਅਪੀਲ ਦੇ ਬਾਵਜੂਦ ਪ੍ਰਸ਼ਾਸਨ ਚੁੱਪ

ਬਠਿੰਡਾ (ਵਿਜੇ ਵਰਮਾ) : ਮਲਟੀ-ਪਰਪਜ਼ ਸਪੋਰਟਸ ਸਟੇਡੀਅਮ, ਬਠਿੰਡਾ 'ਚ ਬਣੇ ਫਲਾਈ ਐਸ਼ ਵਾਲੇ ਸਪੋਰਟਸ ਟਰੈਕ ਕਾਰਨ ਸਵੇਰੇ-ਸ਼ਾਮ ਸੈਰ ਕਰਨ ਵਾਲਿਆਂ, ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੂੜ ਦੇ ਗੁਬਾਰ ਕਾਰਨ ਲੋਕਾਂ ਦੀ ਸਿਹਤ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ, ਪਰ ਬਾਵਜੂਦ ਇਸਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਸਟੇਡੀਅਮ 'ਚ ਹਰ ਰੋਜ਼ ਵੱਡੀ ਗਿਣਤੀ 'ਚ ਬਜ਼ੁਰਗ, ਨੌਜਵਾਨ ਅਤੇ ਬੱਚੇ ਸੈਰ, ਦੌੜ ਅਤੇ ਖੇਡਾਂ ਦੀ ਪ੍ਰੈਕਟਿਸ ਲਈ ਆਉਂਦੇ ਹਨ। ਇੱਥੇ ਲੱਗਿਆ ਟਰੈਕ ਫਲਾਈ ਐਸ਼ ਨਾਲ ਬਣਿਆ ਹੋਣ ਕਾਰਨ ਸੁੱਕਣ ‘ਤੇ ਧੂੜ ਦੇ ਰੂਪ 'ਚ ਉੱਡਣ ਲੱਗ ਪੈਂਦਾ ਹੈ। ਹਵਾ ਦੇ ਨਾਲ ਇਹ ਬਾਰੀਕ ਰਾਖ ਸਿੱਧੀ ਤੌਰ ‘ਤੇ ਲੋਕਾਂ ਦੇ ਸਾਹ ਰਾਹੀਂ ਸਰੀਰ 'ਚ ਦਾਖ਼ਲ ਹੋ ਰਹੀ ਹੈ, ਜਿਸ ਨਾਲ ਸਾਹ ਦੀਆਂ ਬੀਮਾਰੀਆਂ, ਅੱਖਾਂ 'ਚ ਜਲਣ ਅਤੇ ਹੋਰ ਘਾਤਕ ਰੋਗਾਂ ਦਾ ਖ਼ਤਰਾ ਵੱਧ ਰਿਹਾ ਹੈ।
 ਸੀਨੀਅਰ ਨਾਗਰਿਕਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਨ ਕਿ ਟਰੈਕ ‘ਤੇ ਨਿਯਮਿਤ ਤੌਰ ‘ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਧੂੜ ਨੂੰ ਕਾਬੂ ਕੀਤਾ ਜਾ ਸਕੇ ਪਰ ਉਨ੍ਹਾਂ ਦੀਆਂ ਅਪੀਲਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਲੋਕ ਇੱਥੇ ਤੰਦਰੁਸਤੀ ਬਣਾਉਣ ਲਈ ਆਉਂਦੇ ਹਨ ਪਰ ਮਜਬੂਰੀ ਵਿੱਚ ਬੀਮਾਰੀਆਂ ਲੈ ਕੇ ਵਾਪਸ ਜਾਣਾ ਪੈਂਦਾ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਹਾਲਤ ਹੋਰ ਵੀ ਖ਼ਤਰਨਾਕ ਬਣ ਰਹੀ ਹੈ। ਇੱਥੇ ਤੱਕ ਕਿ ਟਰੈਕ ‘ਤੇ ਦੌੜ ਰਹੇ ਨੌਜਵਾਨਾਂ ਦੇ ਪੈਰਾਂ 'ਚ ਛਾਲੇ ਪੈ ਰਹੇ ਹਨ, ਕਿਉਂਕਿ ਰਾਖ ਨਾਲ ਮਿਲੀ ਬੱਜਰੀ ਅਤੇ ਰੋੜੀਆਂ ਪੈਰਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।
ਸਟੇਡੀਅਮ 'ਚ ਮੂਲਭੂਤ ਸਹੂਲਤਾਂ ਦੀ ਵੀ ਕਮੀ ਨਜ਼ਰ ਆ ਰਹੀ ਹੈ। ਪੀਣ ਵਾਲੇ ਪਾਣੀ, ਸਾਫ ਹਵਾ, ਪਿਸ਼ਾਬ ਘਰ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਘਾਟ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੀ ਹੈ, ਜੋ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਇਸ ਮਾਮਲੇ ਨੂੰ ਲੈ ਕੇ 24 ਸੀਨੀਅਰ ਨਾਗਰਿਕਾਂ ਵੱਲੋਂ ਦਸਤਖ਼ਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਸੌਂਪੀ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਨੂੰ ਤੁਰੰਤ ਹੁਕਮ ਜਾਰੀ ਕਰਕੇ ਟਰੈਕ ‘ਤੇ ਰੋਜ਼ਾਨਾ ਪਾਣੀ ਦਾ ਛਿੜਕਾਅ ਯਕੀਨੀ ਬਣਾਇਆ ਜਾਵੇ, ਤਾਂ ਜੋ ਧੂੜ ਤੋਂ ਰਾਹਤ ਮਿਲ ਸਕੇ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕੀਤੀ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਗੰਭੀਰ ਮਸਲੇ ‘ਤੇ ਕਿੰਨੀ ਜਲਦੀ ਕਦਮ ਚੁੱਕਦਾ ਹੈ ਜਾਂ ਲੋਕਾਂ ਨੂੰ ਅਜੇ ਵੀ ਇਸੇ ਤਰ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਜ਼ਿਲ੍ਹਾ ਸਪੋਰਟਸ ਦਫ਼ਤਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਜਲਦੀ ਹੀ ਇਸਦਾ ਹੱਲ ਕੱਢਿਆ ਜਾਵੇਗਾ।


author

Babita

Content Editor

Related News