ਬਠਿੰਡਾ ਕੇਂਦਰੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ ''ਚ, ਸੁਪਰੀਡੈਂਟ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ
Tuesday, Apr 28, 2026 - 03:04 PM (IST)
ਬਠਿੰਡਾ (ਵਿਜੇ ਵਰਮਾ) : ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ 'ਚ ਆ ਗਈ ਹੈ। ਲੰਬੇ ਸਮੇਂ ਤੋਂ ਬੰਦ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਨੇ ਜੇਲ੍ਹ ਅੰਦਰੋਂ ਹੀ ਚੈਲੰਜ ਦਿੰਦਿਆਂ ਜੇਲ੍ਹ ਦੇ ਸੁਪਰੀਡੈਂਟ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਇਸ ਸਨਸਨੀਖੇਜ਼ ਮਾਮਲੇ ਦੇ ਸਾਹਮਣੇ ਆਉਣ ਨਾਲ ਜੇਲ੍ਹ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੈਂਟ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਭੇਜ ਕੇ ਦੱਸਿਆ ਹੈ ਕਿ ਕੈਦੀ ਭਗਵੰਤ ਸਿੰਘ ਨੇ ਨਾ ਸਿਰਫ਼ ਜੇਲ੍ਹ ਦੇ ਸੁਪਰੀਡੈਂਟ ਨੂੰ ਧਮਕਾਇਆ, ਸਗੋਂ ਉਸਦੇ ਪਰਿਵਾਰ ਨੂੰ ਵੀ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਪੱਤਰ 'ਚ ਇਸਨੂੰ ਗੰਭੀਰ ਅਪਰਾਧ ਕਰਾਰ ਦਿੰਦਿਆਂ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਵਾਇਰਲ ਆਡੀਓ ਨੇ ਖੜ੍ਹੇ ਕੀਤੇ ਸਵਾਲ
ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ, ਜਦੋਂ ਸੋਮਵਾਰ ਨੂੰ ਭਗਵੰਤ ਸਿੰਘ ਉਰਫ਼ ਬਾਜੇਕੇ ਦੀ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਆਡੀਓ 'ਚ ਉਹ ਆਪਣੀ ਮਾਂ ਨਾਲ ਗੱਲਬਾਤ ਕਰਦਾ ਹੋਇਆ ਜੇਲ੍ਹ ਪ੍ਰਸ਼ਾਸਨ ‘ਤੇ ਕਈ ਗੰਭੀਰ ਦੋਸ਼ ਲਗਾ ਰਿਹਾ ਹੈ। ਗੱਲਬਾਤ ਦੌਰਾਨ ਉਹ ਆਪਣੀ ਮਾਂ ਨੂੰ ਇਹ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਇਸ ਰਿਕਾਰਡਿੰਗ ਨੂੰ ਮੀਡੀਆ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਸਦੇ ਦੋਸ਼ ਸਾਹਮਣੇ ਆ ਸਕਣ। ਇਸ ਆਡੀਓ ਦੇ ਵਾਇਰਲ ਹੋਣ ਨਾਲ ਇਹ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਜੇਲ੍ਹ ਅੰਦਰ ਮੋਬਾਇਲ ਅਤੇ ਰਿਕਾਰਡਿੰਗ ਕਿਵੇਂ ਹੋਈ? ਕੀ ਜੇਲ੍ਹ ਸੁਰੱਖਿਆ 'ਚ ਕਮੀ ਹੈ ਜਾਂ ਅੰਦਰੂਨੀ ਮਿਲੀ-ਭੁਗਤ ਦਾ ਮਾਮਲਾ ਹੈ?
ਪ੍ਰਸ਼ਾਸਨ ਹਰਕਤ ਵਿੱਚ, ਅਧਿਕਾਰੀ ਚੁੱਪ
ਆਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਤੁਰੰਤ ਹਰਕਤ 'ਚ ਆਇਆ ਅਤੇ ਦੇਰ ਸ਼ਾਮ ਪੁਲਸ ਨੂੰ ਪੱਤਰ ਭੇਜਿਆ ਗਿਆ। ਹਾਲਾਂਕਿ ਜਦੋਂ ਇਸ ਮਾਮਲੇ 'ਚ ਜੇਲ੍ਹ ਦੇ ਸੁਪਰੀਡੈਂਟ ਹਿੰਮਤ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ, ਜਿਸ ਨਾਲ ਕਈ ਸਵਾਲ ਅਜੇ ਵੀ ਬਾਕੀ ਹਨ।
ਪੁਲਸ ਜਾਂਚ 'ਚ ਜੁੱਟੀ, ਕਾਰਵਾਈ ਦਾ ਭਰੋਸਾ
ਥਾਣਾ ਕੈਂਟ ਦੇ ਐੱਸ. ਐੱਚ. ਓ. ਰਘੁਵੀਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪੱਤਰ ਮਿਲਿਆ ਹੈ। ਪੱਤਰ 'ਚ ਸਪਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਕੈਦੀ ਨੇ ਸੁਪਰੀਡੈਂਟ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਜੇਲ੍ਹ ਸੁਰੱਖਿਆ ‘ਤੇ ਫਿਰ ਸਵਾਲ
ਇਸ ਸਾਰੇ ਮਾਮਲੇ ਨੇ ਇੱਕ ਵਾਰ ਫਿਰ ਬਠਿੰਡਾ ਕੇਂਦਰੀ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾਂ ਵੀ ਜੇਲ੍ਹ ਅੰਦਰੋਂ ਮੋਬਾਇਲ, ਵੀਡੀਓ ਅਤੇ ਆਡੀਓ ਵਾਇਰਲ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਦਾਅਵੇ ਕਮਜ਼ੋਰ ਸਾਬਤ ਹੋ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਜਾਂਚ ਤੋਂ ਬਾਅਦ ਕੀ ਸੱਚਾਈ ਕੀ ਸਾਹਮਣੇ ਆਉਂਦੀ ਹੈ। ਕੀ ਇਹ ਧਮਕੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜਾਂ ਫਿਰ ਕਿਸੇ ਖ਼ੁਲਾਸੇ ਨੂੰ ਦਬਾਉਣ ਦੀ ਕੋਸ਼ਿਸ਼? ਫਿਲਹਾਲ ਇਸ ਘਟਨਾ ਨੇ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ।
