ਸਮਰਾਲਾ ''ਚ ਸੜਕਾਂ ਦੀ ਮਾੜੀ ਹਾਲਤ ਕਾਰਨ ਅਣਮਿੱਥੇ ਸਮੇਂ ਲਈ ਚੱਕਾ ਜਾਮ

Friday, Jun 29, 2018 - 01:06 PM (IST)

ਸਮਰਾਲਾ ''ਚ ਸੜਕਾਂ ਦੀ ਮਾੜੀ ਹਾਲਤ ਕਾਰਨ ਅਣਮਿੱਥੇ ਸਮੇਂ ਲਈ ਚੱਕਾ ਜਾਮ

ਸਮਰਾਲਾ (ਸੰਜੇ ਗਰਗ) : ਹਲਕਾ ਸਮਰਾਲਾ ਦੀਆਂ ਸਾਰੀਆਂ ਹੀ ਪ੍ਰਮੁੱਖ ਸੜ੍ਹਕਾਂ ਦੇ ਟੁੱਟ ਜਾਣ ਕਾਰਨ ਨਿੱਤ ਦਿਨ ਔਖੇ ਹੋ ਰਹੇ ਲੋਕਾਂ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਛੇੜ ਦਿੱਤਾ ਗਿਆ ਹੈ। ਸੜ੍ਹਕਾਂ ਦੀ ਰਿਪੇਅਰ ਦੀ ਮੰਗ ਨੂੰ ਲੈ ਕੇ ਵਿੱਢੇ ਗਏ ਸੰਘਰਸ਼ ਦੇ ਦੌਰਾਨ ਅੱਜ ਇਲਾਕੇ ਦੀਆਂ ਦੋ ਦਰਜਨ ਤੋਂ ਵੀ ਵੱਧ ਸਮਾਜ ਸੇਵੀ ਜਥੇਬੰਦੀਆਂ ਦਾ ਇੱਕਠ ਸਰਕਾਰ ਵਿਰੁੱਧ ਸੜ੍ਹਕਾਂ 'ਤੇ ਆ ਗਿਆ ਹੈ। ਸੜ੍ਹਕਾਂ ਦੇ ਨਿਰਮਾਣ ਨੂੰ ਲੈ ਕੇ ਅਵੇਸਲੀ ਹੋਈ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਅੱਜ ਇਨ੍ਹਾਂ ਜਥੇਬੰਦੀਆਂ ਨੇ ਸਵੇਰੇ 11 ਵਜੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਦੀ ਰੋਸ ਮਾਰਚ ਕੱਢਦੇ ਹੋਏ ਸ਼ਹਿਰ ਦੇ ਮੁੱਖ ਚੌਂਕ 'ਚ ਅਣਮਿੱਥੇ ਸਮੇਂ ਲਈ ਧਰਨਾ ਮਾਰਦੇ ਹੋਏ ਮੁਕੰਮਲ ਰੂਪ ਵਿੱਚ ਚੱਕਾ ਜਾਮ ਕਰ ਦਿੱਤਾ ਹੈ। 
ਇਸ ਦੌਰਾਨ ਧਰਨਕਾਰੀਆਂ ਨੂੰ ਸੰਬੋਧਨ ਕਰਦਿਆ ਸਮਰਾਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਸਮਰਾਲਾ ਹਲਕੇ ਦੇ ਲੋਕਾਂ ਦੇ ਦੁੱਖ-ਦਰਦ ਨੂੰ ਸਮਝਣ ਦੀ ਬਜਾਏ ਉੱਲਟਾ ਜਾਣ-ਬੁੱਝ ਕੇ ਇਨ੍ਹਾਂ ਸੜ੍ਹਕਾਂ ਦੀ ਰਿਪੇਅਰ ਦੇ ਕੰਮ ਨੂੰ ਲਟਕਾ ਰਹੀ ਹੈ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਉਹ ਅੱਜ ਅਣਮਿੱਥੇ ਸਮੇਂ ਲਈ ਡਟ ਕੇ ਧਰਨੇ 'ਤੇ ਬੈਠੇ ਹਨ ਅਤੇ ਸਾਰਾ ਟ੍ਰੈਫ਼ਿਕ ਉਦੋਂ ਤੱਕ ਜਾਮ ਰੱਖਿਆ ਜਾਵੇਗਾ, ਜਦੋਂ ਤੱਕ ਸਰਕਾਰ ਦਾ ਕੋਈ ਅਧਿਕਾਰੀ ਧਰਨੇ 'ਚ ਆ ਕੇ ਖੰਨਾ-ਸਮਰਾਲਾ ਮੁੱਖ ਸੜ੍ਹਕ ਸਮੇਤ ਹੋਰ ਸੜ੍ਹਕਾਂ ਦੀ ਰਿਪੇਅਰ ਸ਼ੁਰੂ ਕਰਾਉਣ ਦਾ ਐਲਾਨ ਨਹੀਂ ਕਰਦਾ।


Related News