ਰੇਹੜੀ ਤੇ ਖੋਖੇ ਲਾਉਣ ਵਾਲਿਆਂ ਨੇ ਕੀਤਾ ਰੋਸ ਪ੍ਰਦਰਸ਼ਨ, ਦਿੱਤੀ ਚਿਤਾਵਨੀ
Tuesday, Jul 14, 2020 - 04:02 PM (IST)
ਪਟਿਆਲਾ (ਰਾਜੇਸ਼) : ਡੀ. ਸੀ. ਡਬਲਿਊ ਪੁੱਲ ਹੇਠਾਂ ਰੇਹੜੀਆਂ ਅਤੇ ਖੋਖੇ ਲਾਉਣ ਵਾਲਿਆਂ ਨੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਨਗਰ ਨਿਗਮ ਦੇ ਨਾਂ ’ਤੇ ਪੈਸੇ ਮੰਗਣ ਅਤੇ ਧਮਕਾਉਣ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਮਨ ਨਗਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਬੁੱਟਰ, ਅਜੇ ਅਤੇ ਪਾਂਡੇ ਜੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਾਰਡ ਨੰਬਰ-17 ਡੀ. ਸੀ. ਡਬਲਿਊ ਪੁੱਲ ਦੇ ਹੇਠਾਂ ਰੇਹੜੀ ਅਤੇ ਖੋਖੇ ਲਾਉਣ ਵਾਲਿਆਂ ਨੂੰ ਇਲਾਕੇ ਦਾ ਇਕ ਨਿੱਜੀ ਵਿਅਕਤੀ ਉਸ ਦੇ ਸਾਥੀ ਨਗਰ ਨਿਗਮ ਦੇ ਨਾਂ ’ਤੇ ਡਰਾ-ਧਮਕਾ ਕੇ ਪੈਸੇ ਇਕੱਠੇ ਕਰਦੇ ਹਨ।
ਪੈਸੇ ਨਾ ਦੇਣ ਦੀ ਸੂਰਤ ’ਚ ਇਨ੍ਹਾਂ ਗਰੀਬ ਵਿਅਕਤੀਆਂ ਨੂੰ ਡਰਾ-ਧਮਕਾ ਕੇ ਝੂਠੀਆਂ ਸ਼ਿਕਾਇਤਾਂ ਕਰ ਕੇ ਨਿਗਮ ਦੇ ਮੇਅਰ, ਕਮਿਸ਼ਨਰ ਅਤੇ ਹੋਰ ਕਰਮਚਾਰੀਆਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਖਾਣ-ਪੀਣ ਦੀਆਂ ਵਸਤਾਂ, ਸਬਜ਼ੀਆਂ, ਫਲ-ਫਰੂਟ ਅਤੇ ਦੁੱਧ ਵੇਚਣ ਦੀ ਛੋਟ ਦਿੱਤੀ ਹੋਈ ਹੈ ਪਰ ਇਲਾਕੇ ਦੇ ਇਹ ਸ਼ਰਾਰਤੀ ਅਨਸਰ ਗਰੀਬ ਵਿਅਕਤੀਆਂ ਤੋਂ ਪੈਸੇ ਠੱਗ ਕੇ ਆਪਣੀਆਂ ਝੋਲੀਆਂ ਭਰ ਰਹੇ ਹਨ। ਇਸ ਕਰ ਕੇ ਇਨ੍ਹਾਂ ਰੇਹੜੀ ਲਾਉਣ ਵਾਲਿਆਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਔਖਾ ਹੋਇਆ ਪਿਆ ਹੈ।
ਇਨ੍ਹਾਂ ਲੋਕਾਂ ਨੇ ਮਹਾਰਾਣੀ ਪ੍ਰਨੀਤ ਕੌਰ, ਡਵੀਜ਼ਨ ਕਮਿਸ਼ਨਰ ਚੰਦਰ ਗੈਂਦ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਮੇਅਰ ਸੰਜੀਵ ਸ਼ਰਮਾ ਬਿੱਟੂ, ਨਿਗਮ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਸ ਮੁਖੀ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ’ਤੇ ਕਾਬੂ ਪਾ ਕੇ ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ, ਨਹੀਂ ਤਾਂ ਇਹ ਰੇਹੜੀ ਅਤੇ ਖੋਖੇ ਵਾਲੇ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ ’ਤੇ ਬੈਠ ਜਾਣਗੇ।