ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ''ਚ ਪਿੰਡ ਵਾਸੀਆਂ ਨੇ ਲਾਇਆ ਧਰਨਾ
Saturday, Sep 28, 2019 - 12:34 PM (IST)
ਮਾਛੀਵਾੜਾ ਸਾਹਿਬ (ਟੱਕਰ) : ਲੰਘੀ 26 ਸਤੰਬਰ ਨੂੰ ਮਾਛੀਵਾੜਾ ਵਿਖੇ ਇੱਕ ਟ੍ਰੈਵਲ ਏਜੰਟ ਦੇ ਦਫ਼ਤਰ ਅੱਗੇ ਜਾ ਕੇ ਨੌਜਵਾਨ ਧਰਮਿੰਦਰ ਸਿੰਘ ਵਾਸੀ ਕੋਟਾਲਾ ਬੇਟ ਵਲੋਂ ਖੁਦਕੁਸ਼ੀ ਕਰ ਲਈ ਗਈ। ਇਸ ਮਾਮਲੇ 'ਚ ਸ਼ਨੀਵਾਰ ਨੂੰ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਥਾਣੇ ਅੱਗੇ ਧਰਨਾ ਲਾਇਆ ਗਿਆ ਅਤੇ ਟ੍ਰੈਵਲ ਏਜੰਟ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਪਿੰਡ ਵਾਸੀਆਂ ਵਲੋਂ ਬੜੇ ਸ਼ਾਂਤਮਈ ਢੰਗ ਨਾਲ ਥਾਣੇ ਅੱਗੇ ਧਰਨਾ ਲਾਉਂਦਿਆਂ ਕਿਹਾ ਕਿ ਨੌਜਵਾਨ ਧਰਮਿੰਦਰ ਸਿੰਘ ਨਾਲ ਨੌਜਵਾਨ ਨੇ ਧੋਖਾਧੜੀ ਕੀਤੀ ਅਤੇ ਉਸ ਕੋਲੋਂ 15 ਲੱਖ ਰੁਪਏ ਲੈ ਕੇ ਅਮਰੀਕਾ ਦੀ ਬਜਾਏ ਗ੍ਰੀਸ ਦਾ ਵੀਜ਼ਾ ਲਗਾ ਦਿੱਤਾ।
ਪੀੜ੍ਹਤ ਵਿਅਕਤੀ ਵਲੋਂ ਇਸ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਉਚ ਅਧਿਕਾਰੀਆਂ ਨੂੰ ਦਰਖਾਸਤ ਵੀ ਦਿੱਤੀ ਅਤੇ ਆਪਣੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ। ਆਖਰ ਦੁਖੀ ਆਏ ਨੌਜਵਾਨ ਨੇ 26 ਸਤੰਬਰ ਨੂੰ ਟ੍ਰੈਵਲ ਏਜੰਟ ਦੇ ਦਫ਼ਤਰ ਅੱਗੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜੇਕਰ ਉਸ ਨੂੰ ਜਲਦ ਹਸਪਤਾਲ ਨਾ ਕਰਵਾਇਆ ਜਾਂਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਪੀੜ੍ਹਤ ਨੌਜਵਾਨ ਧਰਮਿੰਦਰ ਸਿੰਘ ਇਸ ਸਮੇਂ ਨਵਾਂਸ਼ਹਿਰ ਹਸਪਤਾਲ ਵਿਖੇ ਦਾਖਲ ਹੈ। ਪੁਲਸ ਥਾਣੇ ਅੱਗੇ ਧਰਨੇ ਦੌਰਾਨ ਪਿੰਡ ਦੇ ਕੁੱਝ ਪਤਵੰਤੇ ਸੱਜਣ ਥਾਣਾ ਮੁਖੀ ਗੁਰਦੀਪ ਸਿੰਘ ਨੂੰ ਮਿਲੇ ਜਿਨ੍ਹਾਂ ਮੰਗ ਕੀਤੀ ਕਿ ਟ੍ਰੈਵਲ ਏਜੰਟ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰ ਪੀੜ੍ਹਤ ਨੌਜਵਾਨ ਧਰਮਿੰਦਰ ਸਿੰਘ ਨੂੰ ਇਨਸਾਫ਼ ਦਿਵਾਇਆ ਜਾਵੇ।
ਥਾਣਾ ਮੁਖੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਪੁਲਸ ਅਧਿਕਾਰੀ ਧਰਮਿੰਦਰ ਸਿੰਘ ਦੇ ਬਿਆਨ ਲੈਣ ਲਈ ਹਸਪਤਾਲ ਵਿਖੇ ਗਏ ਸਨ ਪਰ ਡਾਕਟਰਾਂ ਵਲੋਂ ਉਸ ਦੀ ਹਾਲਤ ਠੀਕ ਨਾ ਹੋਣ ਕਾਰਨ ਅਜੇ ਬਿਆਨ ਦੇਣ ਤੋਂ ਅਯੋਗ ਕਰਾਰ ਦੇ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਪੀੜ੍ਹਤ ਨੌਜਵਾਨ ਧਰਮਿੰਦਰ ਸਿੰਘ ਨਾਲ ਧੋਖਾਧੜੀ ਕਰਨ ਵਾਲੇ ਟ੍ਰੈਵਲ ਏਜੰਟ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਬਿਆਨਾਂ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।