Punjab: ਪ੍ਰਵਾਸੀਆਂ ਨੇ ਜਾਮ ਕੀਤਾ ਇਹ ਮੇਨ ਚੌਕ, ਪੁਲਸ ਨੂੰ ਪਿਆ ਭੜਥੂ
Thursday, Feb 13, 2025 - 12:38 PM (IST)
![Punjab: ਪ੍ਰਵਾਸੀਆਂ ਨੇ ਜਾਮ ਕੀਤਾ ਇਹ ਮੇਨ ਚੌਕ, ਪੁਲਸ ਨੂੰ ਪਿਆ ਭੜਥੂ](https://static.jagbani.com/multimedia/2025_2image_12_36_215500525114.jpg)
ਲੁਧਿਆਣਾ (ਰਾਜ, ਰਾਮ, ਮੁਕੇਸ਼)- ਮਹਾਨਗਰ ’ਚ ਲੁਟੇਰਿਆਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਸ਼ਰੇਆਮ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰ ਕੇ ਮੋਬਾਈਲ ਫੋਨ ਅਤੇ ਹੋਰ ਸਾਮਾਨ ਲੁੱਟਣਾ ਆਮ ਗੱਲ ਹੋ ਗਈ ਹੈ। ਦੂਜੇ ਪਾਸੇ ਲੁੱਟ-ਖੋਹ ਤੋਂ ਬਾਅਦ ਪੀੜਤ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਘਰ-ਘਰ ਭਟਕਣਾ ਪੈਂਦਾ ਹੈ। ਥਾਣਿਆਂ ’ਚ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ।
ਅਜਿਹੇ ਹੀ ਇਕ ਮਾਮਲੇ ’ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਾਈਕਲ ਸਵਾਰ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਮੋਬਾਈਲ ਫੋਨ ਅਤੇ ਨਕਦੀ ਲੁੱਟ ਲਈ। ਲੋਕਾਂ ਨੇ ਪੀੜਤ ਸ਼ਾਹਬਾਜ਼ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਮੈਡੀਕਲ ਕਰਵਾਉਣ ਤੋਂ ਬਾਅਦ ਪੀੜਤ ਪਹਿਲਾਂ ਥਾਣਾ ਡਵੀਜ਼ਨ ਨੰ. 2 ’ਚ ਸ਼ਿਕਾਇਤ ਦਰਜ ਕਰਵਾਉਣ ਗਿਆ, ਜਿਥੋਂ ਪੁਲਸ ਨੇ ਮੋਤੀ ਨਗਰ ਥਾਣੇ ਭੇਜ ਦਿੱਤਾ। ਮੋਤੀ ਨਗਰ ਜਾਣ ਤੋਂ ਬਾਅਦ ਪੁਲਸ ਨੇ ਉਸ ਨੂੰ ਮੁੜ ਜਨਕਪੁਰੀ ਚੌਕੀ ’ਚ ਜਾਣ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ
ਦੋਵਾਂ ਥਾਣਿਆਂ ਦੀ ਪੁਲਸ ਕਾਰਵਾਈ ਕਰਨ ਦੀ ਬਜਾਏ ਆਪਸ ’ਚ ਉਲਝ ਗਈ। ਇਸ ਤੋਂ ਗੁੱਸੇ ’ਚ ਆ ਕੇ ਪੀੜਤ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪੁਲਸ ’ਤੇ ਆਪਣਾ ਗੁੱਸਾ ਕੱਢਿਆ ਅਤੇ ਚੀਮਾ ਚੌਕ ਬੰਦ ਕਰ ਦਿੱਤਾ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਚਾਰੇ ਸੜਕਾਂ ਨੂੰ ਬੰਦ ਕਰ ਦਿੱਤਾ, ਜਿਸ ਕਾਰਨ 2 ਘੰਟਿਅਾਂ ਤੱਕ ਟ੍ਰੈਫਿਕ ਜਾਮ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮੋਤੀ ਨਗਰ ਥਾਣੇ ਦੇ ਐੱਸ. ਐੱਚ. ਓ. ਨੂੰ ਮੁਅੱਤਲ ਕਰਨ ਦੀ ਮੰਗ ਕੀਤੀ।
ਸੂਚਨਾ ਤੋਂ ਬਾਅਦ ਏ. ਸੀ. ਪੀ. ਜਸਵਿੰਦਰ ਸਿੰਘ, ਥਾਣਾ ਡਵੀਜ਼ਨ ਨੰ. 2 ਅਤੇ ਥਾਣਾ ਮੋਤੀ ਨਗਰ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਏ. ਸੀ. ਪੀ. ਨੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ, ਜਿਸ ਤੋਂ ਬਾਅਦ ਮਾਮਲਾ ਥਾਣਾ ਮੋਤੀ ਨਗਰ ਦੇ ਧਿਆਨ ’ਚ ਆਇਆ ਤਾਂ ਥਾਣਾ ਮੋਤੀ ਨਗਰ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੀੜਤ ਸ਼ਾਹਬਾਜ਼ ਨੇ ਦੱਸਿਆ ਕਿ ਉਹ ਹੌਜ਼ਰੀ ’ਚ ਕੰਮ ਕਰਦਾ ਹੈ। ਮੰਗਲਵਾਰ ਰਾਤ ਉਹ ਸਾਈਕਲ ’ਤੇ ਕੰਮ ਤੋਂ ਘਰ ਪਰਤ ਰਿਹਾ ਸੀ। ਚੀਮਾ ਚੌਕ ਪੁਲ ਦੇ ਹੇਠਾਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਜੇਬ ’ਚੋਂ ਮੋਬਾਈਲ ਅਤੇ ਨਕਦੀ ਲੁੱਟ ਲਈ। ਮੁਲਜ਼ਮਾਂ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦਾ ਖੂਨ ਨਿਕਲਣ ਲੱਗਾ।
ਉਸ ਦੇ ਕੁਝ ਹੋਰ ਦੋਸਤ ਫੈਕਟਰੀ ਤੋਂ ਵਾਪਸ ਆ ਰਹੇ ਸਨ। ਉਸ ਨੂੰ ਜ਼ਖਮੀ ਦੇਖ ਕੇ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਫਿਰ ਜਦੋਂ ਸ਼ਿਕਾਇਤ ਲੈਣ ਦੀ ਵਾਰੀ ਆਈ ਤਾਂ ਥਾਣਾ ਡਵੀਜ਼ਨ ਨੰ. 2 ਅਧੀਨ ਪੈਂਦੀ ਚੌਕੀ ਜਨਕਪੁਰੀ ਅਤੇ ਥਾਣਾ ਮੋਤੀ ਨਗਰ ਦੀ ਪੁਲਸ ਇਕ-ਦੂਜੇ ਦਾ ਇਲਾਕਾ ਦੱਸ ਕੇ ਹੱਦਬੰਦੀ ’ਚ ਉਲਝ ਗਈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋ ਕੇ ਆਇਆ ਪੰਜਾਬੀ ਗ੍ਰਿਫ਼ਤਾਰ, ਪੈਸਾ ਕਮਾਉਣ ਦੇ ਚੱਕਰ 'ਚ ਕੀਤਾ ਵੱਡਾ ਕਾਂਡ
ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸ਼ਹਿਰ ’ਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਜ਼ਿਆਦਾਤਰ ਘਟਨਾਵਾਂ ਪ੍ਰਵਾਸੀ ਮਜ਼ਦੂਰਾਂ ਨਾਲ ਵਾਪਰਦੀਆਂ ਹਨ। ਜਦੋਂ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਜਾਂਦੇ ਹਨ, ਤਾਂ ਪੁਲਸ ਉਨ੍ਹਾਂ ਦੀ ਗੱਲ ਨਹੀਂ ਸੁਣਦੀ, ਸਗੋਂ ਚੱਕਰ ’ਤੇ ਚੱਕਰ ਕਟਵਾਉਂਦੀ ਰਹਿੰਦੀ ਹੈ।
ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ
ਧਰਨਾਕਾਰੀਆਂ ਵਲੋਂ ਚੀਮਾ ਚੌਕ ਨੂੰ ਬੰਦ ਕਰਨ ਕਾਰਨ ਚਾਰੇ ਪਾਸੇ ਟ੍ਰੈਫਿਕ ਜਾਮ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਰੀਬ 2 ਘੰਟੇ ਤੱਕ ਇਲਾਕੇ ’ਚ ਟ੍ਰੈਫਿਕ ਜਾਮ ਰਿਹਾ। ਲੋਕ ਇਧਰ-ਓਧਰ ਤੋਂ ਆਪਣੀ ਮੰਜ਼ਿਲ ’ਤੇ ਪੁੱਜਣ ਦੀ ਕੋਸ਼ਿਸ਼ ਕਰਦੇ ਰਹੇ ਪਰ ਟ੍ਰੈਫਿਕ ਜਾਮ ਕਾਰਨ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜਾਮ ਦੀ ਸਥਿਤੀ 2 ਘੰਟੇ ਤੱਕ ਜਾਰੀ ਰਹੀ। ਕਿਸੇ ਤਰ੍ਹਾਂ ਪੁਲਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8