''ਖੰਨਾ ਰੇਲਵੇ ਸਟੇਸ਼ਨ'' ''ਤੇ ਕਿਸਾਨਾਂ ਦੇ ਅੱਡ-ਅੱਡ ਲੱਗੇ ਧਰਨੇ, ਮੋਦੀ ਖ਼ਿਲਾਫ਼ ਕੱਢੀ ਭੜਾਸ
Thursday, Feb 18, 2021 - 03:35 PM (IST)
ਖੰਨਾ (ਵਿਪਨ) : ਸੰਯੁਕਤ ਕਿਸਾਨ ਮੋਰਚੇ ਦੇ ਸੁਨੇਹੇ 'ਤੇ ਜਿੱਥੇ ਅੱਜ ਪੰਜਾਬ ਸਮੇਤ ਪੂਰੇ ਦੇਸ਼ 'ਚ ਟਰੇਨਾਂ ਦਾ ਚੱਕਾ ਜਾਮ ਕੀਤਾ ਗਿਆ ਹੈ, ਉੱਥੇ ਹੀ ਖੰਨਾ ਰੇਲਵੇ ਸਟੇਸ਼ਨ 'ਤੇ ਵੀ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਖੂਬ ਭੜਾਸ ਕੱਢੀ। ਇੱਥੇ ਖੰਨਾ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦੀਆਂ ਜੱਥੇਬੰਦੀਆਂ ਵੱਲੋਂ 10 ਮੀਟਰ ਦੀ ਦੂਰੀ 'ਤੇ ਹੀ ਅੱਡ-ਅੱਡ 2 ਧਰਨੇ ਲਗਾਏ ਗਏ। ਇਨ੍ਹਾਂ 'ਚੋਂ ਇਕ ਧਰਨਾ ਰਾਜੇਵਾਲ ਧੜੇ ਦੇ ਕਿਸਾਨਾਂ ਅਤੇ ਦੂਜਾ ਧਰਨਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨਾਂ ਵੱਲੋਂ ਲਾਇਆ ਗਿਆ।
ਇਹ ਵੀ ਪੜ੍ਹੋ : ਮੋਹਾਲੀ 'ਚ 'ਕਾਂਗਰਸ' ਨੂੰ ਮਿਲੀ ਹੂੰਝਾਫੇਰ ਜਿੱਤ, ਅਕਾਲੀ-ਭਾਜਪਾ ਦਾ ਨਹੀਂ ਖੁੱਲ੍ਹਿਆ ਖਾਤਾ
ਹਾਲਾਂਕਿ ਮੀਡੀਆ ਦੇ ਸਵਾਲਾਂ ਤੋਂ ਬਾਅਦ ਦੋਵੇਂ ਧਰਨੇ ਇਕੱਠੇ ਹੀ ਲਾਏ ਗਏ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ 32 ਕਿਸਾਨ ਜੱਥੇਬੰਦੀਆਂ ਦੇ ਕਹਿਣ 'ਤੇ ਇਹ ਧਰਨਾ ਲਗਾਇਆ ਹੈ ਅਤੇ ਦੂਜੇ ਪਾਸੇ ਜੋ ਧਰਨਾ ਲਗਾਇਆ ਗਿਆ ਹੈ, ਉਹ ਕਿਸਾਨ ਮੋਰਚੇ ਦੇ 32 ਮੈਂਬਰਾਂ 'ਚੋਂ ਨਹੀਂ ਹਨ। ਉਕਤ ਆਗੂ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਨੇ ਸਿਰਫ ਖੰਨਾ 'ਚ ਹੀ ਧਰਨਾ ਲਾਇਆ ਹੋਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਅਧਿਆਪਕ ਬਣਨ ਲਈ ਇਹ ਟੈਸਟ ਪਾਸ ਕਰਨਾ ਹੋਵੇਗਾ ਲਾਜ਼ਮੀ
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਅਤੇ ਭਾਰਤੀ ਕਿਸਾਨ ਯੂਥ ਦੇ ਪ੍ਰਧਾਨ ਭੱਟੀ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ 3 ਮਹੀਨੇ ਤੋਂ ਰੇਲਵੇ ਸਟੇਸ਼ਨ ਖੰਨਾ 'ਤੇ ਹੀ ਧਰਨਾ ਦਿੱਤਾ ਹੋਇਆ ਹੈ ਤੇ ਅੱਜ ਵੀ ਖੰਨਾ 'ਚ ਰੇਲਵੇ ਲਾਈਨ 'ਤੇ ਕਿਸਾਨ ਮੋਰਚੇ ਦੇ ਸੁਨੇਹੇ 'ਤੇ ਧਰਨਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਦੇਸ਼ 'ਚ ਅੱਜ 'ਟਰੇਨਾਂ' ਰੋਕਣਗੇ ਕਿਸਾਨ, 4 ਘੰਟੇ ਰਹੇਗਾ ਚੱਕਾ ਜਾਮ
ਉਨ੍ਹਾਂ ਕਿਹਾ ਕਿ ਬਲਵੀਰ ਸਿੰਘ ਰਾਜੇਵਾਲ ਦੀ ਯੂਨੀਅਨ ਵੱਲੋ ਇੱਥੇ ਆ ਕੇ ਵੱਖਰਾ ਧਰਨਾ ਦਿੱਤਾ ਗਿਆ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਸਭ ਕਿਸਾਨਾਂ ਦਾ ਮਕਸਦ ਇੱਕ ਹੀ ਹੈ, ਇਸ ਲਈ ਇਹ ਲੜਾਈ ਸਭ ਨੂੰ ਇਕੱਠੇ ਮਿਲ ਕੇ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨਾਂ ਦਾ ਇਹ ਅੰਦੋਲਨ ਜਾਰੀ ਰਹੇਗਾ।