ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਖਿਲਾਫ ਰੋਸ ਰੈਲੀ

Friday, Dec 22, 2017 - 04:30 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਅਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਯੂਨਿਟ ਬੰਦ ਕਰਨ ਦੇ ਕੀਤੇ ਫੈਸਲੇ ਖਿਲਾਫ ਸ਼ੁੱਕਰਵਾਰ ਨੂੰ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਭਾਈਵਾਲ ਜਥੇਬੰਦੀਆਂ ਵੱਲੋਂ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਦੀ ਅਗਵਾਈ ਫੈਡਰੇਸ਼ਨ ਏਟਕ ਤੋਂ ਇਲਾਵਾ ਟੀ. ਐੱਸ. ਯੂ. ਭੰਗਲ ਅਤੇ ਟੀ. ਐੱਸ. ਯੂ. ਸੋਈ ਦੇ ਆਗੂਆਂ ਵੱਲੋਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਥਰਮਲ ਪਲਾਂਟਾ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਭਾਵੇਂ ਥਰਮਲ ਪਲਾਂਟਾ ਨੂੰ ਬੰਦ ਕਰਨ ਦਾ ਫੈਸਲਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤਾ ਗਿਆ ਸੀ ਪਰ ਇਹ ਫੈਸਲਾ ਲਾਗੂ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸਿਰਫ ਤੇ ਸਿਰਫ ਕਾਰਪੋਰੇਟਰਾਂ ਤੇ ਨਿੱਜੀ ਥਰਮਲਾਂ ਨੂੰ ਹੀ ਲਾਭ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਹੋਰ ਮਸਲਿਆਂ, ਜਿਨ੍ਹਾਂ ਵਿੱਚ ਨਵੀਂ ਤੇ ਪੱਕੀ ਭਰਤੀ ਕਰਨਾ, ਪੇ ਬੈਂਡ 1-11-2011 ਤੋਂ ਦੇਣਾ, ਕੰਟਰੈਕਟ ਤੇ ਆਊਟਸੋਰਸਿੰਗ ਬੰਦ ਕਰਕੇ ਸਾਰੇ ਮੁਲਾਜ਼ਮਾਂ ਨੂੰ ਮਹਿਕਮੇ ਅੰਦਰ ਸਮਾਇਆ ਜਾਵੇ, ਨਵੇਂ ਰੱਖੇ ਮੁਲਾਜ਼ਮਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣਾ, ਬਿਜਲੀ ਯੂਨਿਟਾਂ ਨੂੰ ਰਿਆਇਤ ਦਿੱਤੀ ਜਾਵੇ ਅਤੇ ਪੁਰਾਣਾ ਪੈਨਸ਼ਨ ਕਾਨੂੰਨ ਬਹਾਲ ਕੀਤਾ ਜਾਵੇ।


Related News