ਪੰਜਾਬ ’ਚ 32 ਕਿਸਾਨ ਜਥੇਬੰਦੀਆਂ ਵਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ
Saturday, Dec 26, 2020 - 03:33 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਬੰਧੀ ਆਰਡੀਨੈਂਸ ਖ਼ਿਲਾਫ਼ 84ਵੇਂ ਦਿਨ ਵੀ ਪੰਜਾਬ ਭਰ ’ਚ ਟੋਲ-ਪਲਾਜ਼ਿਆਂ, ਪੈਟਰੋਲ ਪੰਪਾਂ, ਕਾਰਪੋਰੇਟ ਮਾਲਜ਼ ਅਤੇ ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਸਮੇਤ ਵੱਖ-ਵੱਖ 60 ਥਾਂਵਾਂ ’ਤੇ ਪੱਕੇ-ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ਵਿਚ 500 ਕਿਸਾਨ ਜਥੇਬੰਦੀਆਂ ਦੇ ‘ਸੰਯੁਕਤ ਕਿਸਾਨ ਮੋਰਚੇ’ ਵਲੋਂ ਜਾਰੀ ਮੋਰਚਿਆਂ ਵਿਚ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਵਧ ਰਹੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਕਾਫ਼ਲੇ ਪਹੁੰਚ ਰਹੇ ਹਨ। ਨੌਜਵਾਨਾਂ ਅਤੇ ਔਰਤਾਂ ਵਲੋਂ ਪਿੰਡਾਂ ’ਚ ਮਾਰਚ ਕਰਦਿਆਂ ਹਰ ਪਰਿਵਾਰ ’ਚੋਂ ਘੱਟੋ-ਘੱਟ ਇਕ ਮੈਂਬਰ ਨੂੰ ਜ਼ਰੂਰ ਦਿੱਲੀ ਮੋਰਚੇ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਜਲੰਧਰ ਸਮੇਤ ਹੋਰ ਕੁਝ ਥਾਵਾਂ ’ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਸ ਵਲੋਂ ਲਾਠੀਚਾਰਜ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਲੋਕ-ਰੋਹ ਨੂੰ ਸਮਝੇ ਅਤੇ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦਬਾਅ ਬਣਾਵੇ। ਜਥੇਬੰਦੀਆਂ ਵਲੋਂ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦੇ ਸੱਦੇ ਅਧੀਨ ਮੋਬਾਇਲ ਸਿੰਮ ਪੋਰਟ ਕਰਵਾਉਣ ਲਈ ਦਿੱਤੇ ਜਾ ਰਹੇ ਸੱਦੇ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਅੰਦੋਲਨ ਦੇ ਪਸਾਰ ਹਿੱਤ 10 ਲੱਖ ਹਿੰਦੀ, 10 ਲੱਖ ਪੰਜਾਬੀ ਅਤੇ 5 ਲੱਖ ਅੰਗਰੇਜ਼ੀ ਕਿਤਾਬਚੇ ਕਾਲੇ ਕਾਨੂੰਨਾਂ ਸਬੰਧੀ ਦੇਸ਼ ਭਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ 26-27 ਦਸੰੰਬਰ ਨੂੰ ਦਿੱਲੀ ਮੋਰਚਿਆਂ ਵਿਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ : ਕੇਂਦਰ ਨਾਲ ਗੁਪਤ ਸਮਝੌਤੇ ਕਰਕੇ ਹੁਣ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਨਾ ਵਹਾਉਣ ਮੁੱਖ ਮੰਤਰੀ: ਅਕਾਲੀ ਦਲ
ਕਿਸਾਨ ਨਿਧੀ ਯੋਜਨਾ ਕਿਸਾਨਾਂ ਨਾਲ ਵੱਡਾ ਧੋਖਾ
ਜਗਮੋਹਨ ਸਿੰਘ ਪਟਿਆਲਾ ਨੇ ਕਿਸਾਨ ਨਿਧੀ ਯੋਜਨਾ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਕਿਸਾਨੀ ਸਿਰ ਕੋਈ ਅਹਿਸਾਨ ਨਹੀਂ, ਇਹ ਲੋਕਾਂ ਦੀ ਹੱਡ-ਭੰਨਵੀਂ ਕਮਾਈ ਦਾ ਪੈਸਾ ਹੈ। ਖੇਤਾਂ ਵਿਚ ਪਸੀਨਾ ਵਹਾਉਣ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ 5 ਸੌ ਰੁਪਏ ਪ੍ਰਤੀ ਮਹੀਨਾ ਦੇਣਾ ਅਪਮਾਨ ਨਹੀਂ ਤਾਂ ਹੋਰ ਕੀ ਹੈ? ਕਿਸਾਨ ਮੰਗਤਾ ਨਹੀਂ, ਅੰਨਦਾਤਾ ਹੈ, ਉਹ 5 ਸੌ ਰੁਪਏ ਦੀ ਇੱਛਾ ਨਾਲੋਂ ਆਪਣੀ ਪੁੱਤਾਂ-ਧੀਆਂ ਵਾਂਗ ਪਾਲੀ ਫਸਲ ਦਾ ਪੂਰਾ ਮੁੱਲ ਮੰਗਦਾ ਹੈ। ਕਿਸਾਨ ਦੀ ਫਸਲ ਪਹਿਲਾਂ ਅੱਧੇ ਮੁੱਲ ’ਤੇ ਲੁੱਟ ਲਵੋ ਤੇ ਮਗਰੋਂ 5 ਸੌ ਰੁਪਏ ਖੈਰਾਤ ਵਜੋਂ ਮੋੜਕੇ ਉਸ ਕਿਸਾਨ ਸਿਰ ਅਹਿਸਾਨ ਕਰੋ, ਇਹ ਕਿੱਥੋਂ ਦਾ ਇਨਸਾਫ ਹੈ? ਕਾਰਪੋਰੇਟ ਘਰਾਣਿਆਂ ਲਈ ਹਰ ਸਾਲ ਕਈ ਕਈ ਲੱਖ-ਕਰੋੜਾਂ ਰੁਪਏ ਦੀਆਂ ਛੋਟਾਂ ਦਿਤੀਆਂ ਜਾਂਦੀਆਂ ਹਨ, ਅਸਲ ਵਿਚ ਮੁਲਕ ਦੇ ਹਾਕਮਾਂ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਉਣ ਦੇ ਹੋਰ ਹਨ। ਖੂਨ -ਪਸੀਨਾ ਵਹਾਉਣ ਵਾਲੇ ਕਿਸਾਨ ਕਰਜ਼ੇ ਅਤੇ ਮਜ਼ਦੂਰ ਭੁੱਖ ਨਾਲ ਮਰਨ ਲਈ ਮਜ਼ਬੂਰ ਹਨ।
ਇਹ ਵੀ ਪੜ੍ਹੋ : ਅਫ਼ਸੋਸਜਨਕ : ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਹੋਈ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?