ਨਰਸਿੰਗ ਸਟਾਫ ਨੇ ਮੰਗਾਂ ਸਬੰਧੀ ਐੱਸ. ਐੱਮ. ਓ. ਦਫਤਰ ਅੱਗੇ ਦਿੱਤਾ ਧਰਨਾ

Friday, Jul 20, 2018 - 07:49 AM (IST)

 ਗਿੱਦਡ਼ਬਾਹਾ (ਕੁਲਭੂਸ਼ਨ) - ਸਿਵਲ ਹਸਪਤਾਲ ਵਿਖੇ ਨਰਸਿੰਗ ਸਟਾਫ ਦੀ ਕਮੀ ਅਤੇ ਹੋਰ ਮੰਗਾਂ ਸਬੰਧੀ ਹਸਪਤਾਲ ਦੀਆਂ ਸਮੂਹ ਸਟਾਫ ਨਰਸਾਂ ਵੱਲੋਂ ਐੱਸ. ਐੱਮ. ਓ. ਡਾ. ਪ੍ਰਦੀਪ ਸਚਦੇਵਾ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਹਸਪਤਾਲ ਦਾ ਕੰਮ-ਕਾਜ ਠੱਪ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਯੂਨੀਅਨ ਪ੍ਰਧਾਨ ਜਗਮੀਤ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਇਸ ਸਮੇਂ ਸਿਰਫ 10 ਸਟਾਫ ਨਰਸਾਂ ਹਨ, ਜਿਨ੍ਹਾਂ ’ਚੋਂ ਇਕ ਸਟਾਫ ਨਰਸ ਡਾਇਲਸਿਸ, ਇਕ ਓ. ਟੀ., ਇਕ ਐਮਰਜੈਂਸੀ ਵਾਰਡ ਇੰਚਾਰਜ ਅਤੇ 2 ਨਰਸਾਂ ਦੀ ਨਾਈਟ ਡਿਊਟੀ ਲਾਈ ਜਾ ਰਹੀ ਹੈ, ਜਦਕਿ ਬਾਕੀ 5 ਸਟਾਫ ਨਰਸਾਂ ਨੂੰ ਚੌਤਰਫ਼ਾ ਕੰਮ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਸਟਾਫ ਦੀ ਕਮੀ  ਕਾਰਨ ਕਈ ਵਾਰ ਮਰੀਜ਼ ਅਤੇ ਉਨ੍ਹਾਂ ਦੇ ਸਹਾਇਕ ਹਸਪਤਾਲ ਸਟਾਫ ਮੈਂਬਰਾਂ ਬੁਰਾ ਵਰਤਾਓ ਕਰਦੇ ਹਨ ਅਤੇ ਕਈ ਵਾਰ ਸੁਰੱਖਿਆ ਮੁਲਜ਼ਾਮਾਂ ਦੀ ਘਾਟ ਕਰ ਕੇ ਸਥਿਤੀ ਬਹੁਤ ਵੱਖਰੀ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਮਰੀਜ਼ਾਂ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਘੱਟੋ-ਘੱਟ 6 ਹੋਰ ਸਟਾਫ ਨਰਸਾਂ ਦੀ ਨਿਯੁਕਤੀ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਸਿਹਤ ਵਿਭਾਗ ਕੋਲੋਂ ਸਟਾਫ ਦੀ ਕਮੀ ਦੂਰ ਕਰਨ, ਸੁਰੱਖਿਆ ਵਿਵਸਥਾ ਕਰਨ ਅਤੇ ਰਾਤ ਸਮੇਂ ਵਾਰਡ ਵਿਚ ਦਰਜਾ ਚਾਰ ਮੁਲਾਜ਼ਮਾਂ ਦੀ ਡਿਊਟੀ ਲਾਉਣ ਆਦਿ ਮੰਗਾਂ ਨੂੰ ਤੁਰੰਤ ਮੰਨੇ ਜਾਣ ਦੀ ਗੱਲ ਕਹੀ ਅਤੇ ਅਜਿਹਾ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਸੰਬੰਧੀ ਐੱਸ. ਐੱਮ. ਓ. ਡਾ. ਪ੍ਰਦੀਪ ਸਚਦੇਵਾ ਨੇ ਕਿਹਾ ਕਿ ਹਸਪਤਾਲ ’ਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਸਟਾਫ ਨਰਸਾਂ ਘੱਟ  ਰਹੀਆਂ ਹਨ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ ਅਤੇ ਜਲਦ ਹੀ ਸਟਾਫ ਨੂੰ ਪੂਰਾ ਕਰ ਲਿਆ ਜਾਵੇਗਾ।


Related News