ਪਿੰਡ ਵਾਸੀਆਂ ਪਾਵਰਕਾਮ ਅਧਿਕਾਰੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
Saturday, Feb 24, 2018 - 04:41 AM (IST)

ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਪਿੰਡ ਚੀਮਾ ਖੁਰਦ ਵਿਖੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਉਸ ਵੇਲੇ ਸਾਹਮਣਾ ਕਰਨਾ ਪਿਆ, ਜਦੋਂ ਉਹ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਡਿਫਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਡਿਫਾਲਟਰ ਦਲਿਤ ਭਾਈਚਾਰੇ ਦੇ ਖਪਤਕਾਰਾਂ ਦੇ ਹੱਕ 'ਚ ਨਿੱਤਰੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਘਰੇਲੂ ਬਿਜਲੀ ਦੇ ਪ੍ਰਤੀ ਮਹੀਨਾ 200 ਯੂਨਿਟ ਕੀਤੀ ਗਈ ਮੁਆਫ਼ੀ ਖੋਹਣ ਦੀ ਕਾਂਗਰਸ ਸਰਕਾਰ ਨੇ ਕਵਾਇਦ ਆਰੰਭ ਕਰਦਿਆਂ ਦਲਿਤ ਲੋਕਾਂ ਨੂੰ ਮੋਟੀਆਂ ਰਕਮਾਂ ਦੇ ਲੰਬੇ-ਲੰਬੇ ਬਿੱਲ ਭੇਜ ਦਿੱਤੇ ਗਏ ਹਨ, ਜੋ ਦਲਿਤ ਭਾਈਚਾਰੇ ਦੇ ਲੋਕ ਅਦਾ ਕਰਨ ਤੋਂ ਅਸਮਰਥ ਹਨ।
ਉਨ੍ਹਾਂ ਦੱਸਿਆ ਕਿ ਉਕਤ ਨੀਤੀ ਤਹਿਤ ਅੱਜ ਪਿੰਡ ਚੀਮਾ ਖੁਰਦ ਵਿਖੇ ਦਲਿਤ ਭਾਈਚਾਰੇ ਲੋਕਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਸਨ, ਜਿਸ ਦੇ ਵਿਰੋਧ 'ਚ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਵੇਲ ਸਿੰਘ ਚੀਮਾ ਅਤੇ ਜਰਨੈਲ ਸਿੰਘ ਰਸੂਲਪੁਰ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਵੱਲੋਂ ਬਿਜਲੀ ਦੇ ਕੁਨੈਕਸ਼ਨ ਕੱਟਣ ਤੋਂ ਰੋਕਣ ਲਈ ਪੰਜਾਬ ਰਾਜ ਪਾਵਰਕਾਮ ਦੀ ਟੀਮ ਦਾ ਜਮਹੂਰੀ ਢੰਗ ਨਾਲ ਵਿਰੋਧ ਕਰਦਿਆਂ ਸਰਕਾਰ ਅਤੇ ਪਾਵਰਕਾਮ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਹੈ। ਉਕਤ ਆਗੂਆਂ ਨੇ ਕਿਹਾ ਕਿ ਦਲਿਤਾਂ ਅਤੇ ਮਜ਼ਦੂਰਾਂ ਦੇ ਕੁਨੈਕਸ਼ਨ ਨਹੀਂ ਕੱਟਣ ਦਿੱਤੇ ਜਾਣਗੇ ਅਤੇ ਜੇਕਰ ਬਿਜਲੀ ਬੋਰਡ ਵੱਲੋਂ ਦਲਿਤ ਅਤੇ ਗਰੀਬ ਲੋਕਾਂ ਦੇ ਘਰਾਂ ਦੇ ਕੁਨੈਕਸ਼ਨ ਕੱਟਣੇ ਬੰਦ ਨਾ ਕੀਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਮਜ਼ਦੂਰ ਆਗੂ ਸੰਦੀਪ ਸਿੰਘ, ਹਰਵੰਤ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਬੂਟਾ ਸਿੰਘ, ਬਲਵਿੰਦਰ ਕੌਰ, ਸ਼ਿੰਦੋ ਕੌਰ, ਸੁਖਵਿੰਦਰ ਕੌਰ ਤੇ ਕਿਸਾਨ ਆਗੂ ਜਗਬੀਰ ਸਿੰਘ ਬੱਬੂ ਆਦਿ ਹਾਜ਼ਰ ਸਨ।
ਕੀ ਕਹਿੰਦੇ ਹਨ ਐੱਸ. ਡੀ. ਓ.
ਐੱਸ. ਡੀ. ਓ. ਪਾਵਰਕਾਮ ਉਪ ਮੰਡਲ ਸਰਾਏ ਅਮਾਨਤ ਖਾਂ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮੁਆਫ਼ੀ ਸਕੀਮ ਤਹਿਤ ਆਉਂਦੇ ਕਿਸੇ ਵੀ ਖਪਤਕਾਰ ਦਾ ਕੁਨੈਕਸ਼ਨ ਨਹੀਂ ਕੱਟਿਆ ਜਾ ਰਿਹਾ ਹੈ, ਕੁਝ ਲੋਕ ਸਿਆਸੀ ਰੰਗਤ ਦੇਣ ਲਈ ਜਨਤਕ ਜਥੇਬੰਦੀਆਂ ਦੀ ਆੜ ਹੇਠ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ 25 ਤੋਂ 20 ਹਜ਼ਾਰ ਤੱਕ ਦੇ ਬਿੱਲ ਦੀ ਅਦਾਇਗੀ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ ਅਤੇ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ। ਜੋ ਵੀ ਸਰਕਾਰੀ ਕੰਮ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।