ਯੂਥ ਅਕਾਲੀ ਦਲ ਨੇ ਖਹਿਰਾ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

11/19/2017 12:08:46 PM

ਹੁਸ਼ਿਆਰਪੁਰ (ਘੁੰਮਣ)— ਪਾਰਟੀ ਹਾਈ ਕਮਾਨ ਅਤੇ ਸਰਬਜੋਤ ਸਿੰਘ ਸਾਬੀ ਪ੍ਰਧਾਨ ਦੋਆਬਾ ਜ਼ੋਨ ਯੂਥ ਅਕਾਲੀ ਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਥਾਨਕ ਕਚਹਿਰੀ ਚੌਕ ਵਿਖੇ ਸ਼ਨੀਵਾਰ ਨੂੰ ਨਸ਼ਿਆਂ ਦੇ ਮਾਮਲੇ 'ਚ ਫਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਦਲ ਆਗੂ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਆਈ. ਟੀ. ਵਿੰਗ ਯੂਥ ਅਕਾਲੀ ਦਲ ਬਰਿੰਦਰ ਸਿੰਘ ਪਰਮਾਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਰੋਧੀ ਧਿਰ ਆਗੂ ਅਤੇ ਉੱਚ ਸੰਵਿਧਾਨਿਕ ਅਹੁਦੇ 'ਤੇ ਬਿਰਾਜਮਾਨ ਆਗੂ ਨਸ਼ਿਆਂ ਦੇ ਮਾਮਲੇ 'ਚ ਫੜਿਆ ਗਿਆ ਹੋਵੇ ਅਤੇ ਅਦਾਲਤ ਨੇ ਉਸ ਨੂੰ ਸੰਮਨ ਜਾਰੀ ਕੀਤੇ ਹੋਣ। ਉਨ੍ਹਾਂ ਨੇ ਖਹਿਰਾ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਯੂਥ ਆਗੂਆਂ ਨੇ ਕਿਹਾ ਕਿ ਇਸ ਮਾਮਲੇ 'ਚ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਸੁਖਪਾਲ ਖਹਿਰਾ ਤੋਂ ਅਸਤੀਫਾ ਲੈਣ। 
ਇਸ ਮੌਕੇ ਹਰਜੀਤ ਸਿੰਘ ਮਠਾਰੂ, ਸੁਖਵਿੰਦਰ ਸਿੰਘ ਮੂਨਕ, ਤਜਿੰਦਰ ਸਿੰਘ ਕੱਕੋਂ, ਸੁਖਜੀਤ ਸਿੰਘ ਪਰਮਾਰ, ਦਲਜਿੰਦਰ ਧਾਮੀ, ਨਵਜਿੰਦਰ ਸਿੰਘ, ਕੁਲਦੀਪ ਸਿੰਘ, ਤੀਰਥ ਸ਼ਰਮਾ, ਅਮਿਤੋਜ ਸਿੰਘ, ਡਾ. ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਲਖਵਿੰਦਰ ਸੇਠੀ, ਭੁਪਿੰਦਰ ਸਿੰਘ, ਮਲਕੀਤ ਸਿੰਘ, ਸੁਮਿਤ ਸ਼ਰਮਾ, ਰਜਿੰਦਰ ਸੀਹਰਾ, ਹਰਭਜਨ ਧਾਲੀਵਾਲ, ਜਸਵੀਰ ਰੱਤੂ, ਤਰਲੋਚਨ ਸਿੰਘ, ਰਣਜੀਤ ਸਿੰਘ, ਰੁਪਿੰਦਰ ਕਲਸੀ, ਜਤਿੰਦਰ ਕੱਕੋਂ, ਅਮਨਦੀਪ ਸਿੰਘ, ਮਨਦੀਪ ਸੰਧੂ, ਸੁਖਦੀਪ ਭੱਚੂ, ਮਨਪ੍ਰੀਤ, ਭਜਨ ਲਾਲ ਆਦਿ ਸਮੇਤ ਵੱਡੀ ਗਿਣਤੀ 'ਚ ਯੂਥ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
ਟਾਂਡਾ ਉੜਮੁੜ, (ਪੰਡਿਤ)-ਯੂਥ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਟਾਂਡਾ ਵਿਚ ਨਸ਼ਿਆਂ ਦੇ ਮਾਮਲੇ ਵਿਚ ਸੁਖਪਾਲ ਸਿੰਘ ਖਹਿਰਾ ਖਿਲਾਫ਼ ਪ੍ਰਦਰਸ਼ਨ ਕਰ ਕੇ ਥਾਣਾ ਚੌਕ ਵਿਚ ਖਹਿਰਾ ਦਾ ਪੁਤਲਾ ਸਾੜਿਆ ਅਤੇ ਅਸਤੀਫਾ ਮੰਗਿਆ। ਦੋਆਬਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਸਤਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਹੋਏ ਇਸ ਪ੍ਰਦਰਸ਼ਨ ਵਿਚ ਸੰਵਿਧਾਨਿਕ ਅਹੁਦੇ 'ਤੇ ਬੈਠੇ ਵਿਰੋਧੀ ਧਿਰ ਆਗੂ ਨੂੰ ਨਸ਼ਿਆਂ ਦੇ ਮਾਮਲੇ ਵਿਚ ਮਾਣਯੋਗ ਹਾਈ ਕੋਰਟ ਵੱਲੋਂ ਮਿਲੇ ਝਟਕੇ ਦਾ ਹਵਾਲਾ ਦਿੰਦਿਆਂ ਯੂਥ ਅਕਾਲੀ ਦਲ ਵਰਕਰਾਂ ਨੇ ਖਹਿਰਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। 
ਪ੍ਰਦਰਸ਼ਨ ਦੌਰਾਨ ਸੰਧੂ ਨੇ ਕਿਹਾ ਕਿ ਅੱਜ ਖਹਿਰਾ ਦੀ ਪੋਲ ਖੁੱਲ੍ਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੱਖਰੀ ਕਿਸਮ ਦੀ ਰਾਜਨੀਤੀ ਕਰਨ ਅਤੇ ਨੈਤਿਕਤਾ ਦੀ ਦੁਹਾਈ ਦੇਣ ਵਾਲੀ ਆਮ ਆਦਮੀ ਪਾਰਟੀ ਇਕਜੁੱਟ ਹੋ ਕੇ ਖਹਿਰਾ ਦੇ ਅਨੈਤਿਕ ਕੰਮ 'ਤੇ ਪਰਦਾ ਪਾ ਰਹੀ ਹੈ। ਹਮੇਸ਼ਾ ਦੂਸਰੀਆਂ ਪਾਰਟੀਆਂ ਦੇ ਆਗੂਆਂ ਉੱਤੇ ਬੇਤੁਕੀ ਦੂਸ਼ਣਬਾਜ਼ੀ ਕਰਨ ਵਾਲੀ ਕੇਜਰੀਵਾਲ ਐਂਡ ਕੰਪਨੀ ਦੇ ਛੋਟੇ-ਵੱਡੇ ਆਗੂ ਖਹਿਰਾ ਨੂੰ ਕੌਮਾਂਤਰੀ ਨਸ਼ਾ ਸਮੱਗਲਿੰਗ ਕੇਸ ਵਿਚ ਅਦਾਲਤ ਵੱਲੋਂ ਤਲਬ ਕਰਨ ਦੇ ਬਾਵਜੂਦ ਉਸ ਦੇ ਬਚਾਅ ਵਿਚ ਆ ਗਏ ਹਨ। ਉਨ੍ਹਾਂ ਮੁੱਢ ਤੋਂ ਹੀ ਡਰਾਮੇਬਾਜ਼ੀ ਦੀ ਬੁਨਿਆਦ 'ਤੇ ਖੜ੍ਹੀ ਆਮ ਆਦਮੀ ਪਾਰਟੀ ਦੇ ਆਗੂ ਖਹਿਰਾ ਤੋਂ ਅਸਤੀਫੇ ਦੀ ਮੰਗ ਕੀਤੀ।
ਰੋਸ ਪ੍ਰਦਰਸ਼ਨ ਵਿਚ ਸੰਧੂ ਤੋਂ ਇਲਾਵਾ ਤਜਿੰਦਰ ਸਿੰਘ ਸੋਨੂੰ ਜਾਜਾ, ਸੰਦੀਪ ਸਿੰਘ ਸੈਦੂਪੁਰ, ਕੁਲਜੀਤ ਸਿੰਘ ਜੀਤਾ, ਅਵਤਾਰ ਸਿੰਘ ਟੇਰਕਿਆਣਾ, ਅਮਰਜੀਤ ਸਿੰਘ ਬੈਂਚਾਂ, ਰਜਿੰਦਰ ਸਿੰਘ ਰਾਜੂ, ਸਰਬਜੀਤ ਸਿੰਘ, ਸੁਖਵੀਰ ਸਿੰਘ ਜਾਜਾ, ਜਸਵਿੰਦਰ ਸਿੰਘ ਲਾਡੀ, ਮਲਕੀਤ ਸਿੰਘ ਬੱਗਾ, ਸੁਖਵਿੰਦਰ ਸਿੰਘ ਬੱਸੀ ਜਲਾਲ, ਜਗਦੀਪ ਸਿੰਘ ਸੈਣੀ, ਨਵੀਨ ਵਰਮਾ, ਅਜੈ ਅਰੋੜਾ, ਰਾਣਾ ਹੁਸੈਨਪੁਰ, ਗੁਰਮਿੰਦਰ ਸਿੰਘ, ਗੁਰਜੀਤ ਸਿੰਘ ਆਦਿ ਮੌਜੂਦ ਸਨ।


Related News