ਹੁਣ ਬੇਅੰਤ ਸਿੰਘ ਪਾਰਕ ’ਚ ਵੀ ਪਟਾਕਾ ਮਾਰਕਿਟ ਲਾਉਣ ਨੂੰ ਲੈ ਕੇ ਵਿਰੋਧ ਤੇਜ਼, ਉਦਯੋਗਿਕ ਸੰਗਠਨਾਂ ਨੇ ਜਤਾਇਆ ਰੋਸ
Friday, Sep 26, 2025 - 11:00 AM (IST)

ਜਲੰਧਰ (ਖੁਰਾਣਾ)–ਸ਼ਹਿਰ ਦੇ ਇਕਲੌਤੇ ਫੋਕਲ ਪੁਆਇੰਟ ਦੀ ਐਂਟਰੀ ’ਤੇ ਸਥਿਤ ਬੇਅੰਤ ਸਿੰਘ ਪਾਰਕ ਵਿਚ ਨਗਰ ਨਿਗਮ ਵੱਲੋਂ ਪਟਾਕਾ ਮਾਰਕੀਟ ਲਈ ਐੱਨ. ਓ. ਸੀ. ਜਾਰੀ ਕੀਤੇ ਜਾਣ ਤੋਂ ਬਾਅਦ ਇਸ ਯੋਜਨਾ ਦਾ ਵਿਰੋਧ ਤੇਜ਼ ਹੋ ਗਿਆ ਹੈ। ਸ਼ਹਿਰ ਦੇ ਕਈ ਉਦਯੋਗਿਕ ਸੰਗਠਨਾਂ ਨੇ ਪੁਲਸ ਕਮਿਸ਼ਨਰ, ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ
ਯਾਦ ਰਹੇ ਕਿ ਪਹਿਲਾਂ ਜ਼ਿਲਾ ਪ੍ਰਸ਼ਾਸਨ ਨੇ ਨਕੋਦਰ ਰੋਡ ਸਥਿਤ ਲਾਇਲਪੁਰ ਖਾਲਸਾ ਸਕੂਲ ਅਤੇ ਲੰਮਾ ਪਿੰਡ ਚੌਕ ਸਥਿਤ ਚਾਰਾ ਮੰਡੀ ਨੂੰ ਪਟਾਕਾ ਮਾਰਕੀਟ ਲਈ ਚਿੰਨਹਿੱਤ ਕੀਤਾ ਸੀ ਪਰ ਦੋਵਾਂ ਹੀ ਥਾਵਾਂ ’ਤੇ ਸੁਰੱਖਿਆ ਅਤੇ ਸਹਿਮਤੀ ਨਾ ਬਣਨ ਕਾਰਨ ਇਹ ਯੋਜਨਾ ਸਫਲ ਨਹੀਂ ਹੋ ਸਕੀ। ਜਿਉਂ-ਜਿਉਂ ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਜਾ ਰਿਹਾ ਹੈ, ਪਟਾਕਾ ਵਿਕ੍ਰੇਤਾਵਾਂ ਦੀ ਬੇਚੈਨੀ ਵਧਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਲੱਖਾਂ-ਕਰੋੜਾਂ ਰੁਪਏ ਦੇ ਪਟਾਕੇ ਪਹਿਲਾਂ ਹੀ ਖਰੀਦ ਕੇ ਸਟੋਰ ਕਰ ਰੱਖੇ ਹਨ। ਉਥੇ ਹੀ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤਕ ਇਸ ਮਾਮਲੇ ਵਿਚ ਠੋਸ ਫੈਸਲਾ ਨਹੀਂ ਲਿਆ ਗਿਆ ਹੈ।
ਫੋਕਲ ਪੁਆਇੰਟ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਦਾ ਕਹਿਣਾ ਹੈ ਕਿ ਪਾਰਕ ਦੇ ਆਲੇ-ਦੁਆਲੇ ਫੈਕਟਰੀ ਇਲਾਕੇ ਵਿਚ ਭਾਰੀ ਗਿਣਤੀ ਵਿਚ ਜਲਣਸ਼ੀਲ ਪਦਾਰਥ ਮੌਜੂਦ ਹੈ। ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਗੰਭੀਰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਇਲਾਕਾ ਪਹਿਲਾਂ ਤੋਂ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਝੱਲ ਰਿਹਾ ਹੈ ਅਤੇ ਪਟਾਕਾ ਮਾਰਕੀਟ ਤੋਂ ਹਜ਼ਾਰਾਂ ਵਾਹਨਾਂ ਦੇ ਆਉਣ-ਜਾਣ ਨਾਲ ਸੁਰੱਖਿਆ ਅਤੇ ਟ੍ਰੈਫਿਕ ਦੀ ਸਥਿਤੀ ਹੋਰ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀ ਥੋੜ੍ਹਾ ਸੰਭਲ ਕੇ! ਮੰਡ ਖੇਤਰ ਦੇ ਪਿੰਡਾਂ 'ਚ ਮੰਡਰਾ ਰਿਹੈ ਅਜੇ ਵੀ ਖ਼ਤਰਾ, ਮੁਸ਼ਕਿਲ 'ਚ ਪਏ ਕਿਸਾਨ
ਇਸੇ ਵਿਚਕਾਰ ਖ਼ਬਰ ਹੈ ਕਿ ਪਟਾਕਾ ਵਿਕ੍ਰੇਤਾਵਾਂ ਦੇ ਵੱਖ-ਵੱਖ ਸੰਗਠਨ ਸ਼ੁੱਕਰਵਾਰ ਤੋਂ ਬੇਅੰਤ ਸਿੰਘ ਪਾਰਕ ਦੀ ਸਫ਼ਾਈ ਕਰਵਾ ਕੇ ਮਾਰਕਿਟ ਲਈ ਦੁਕਾਨਾਂ ਦਾ ਨਿਰਮਾਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਹੁਣ ਇਹ ਵੇਖਣਾ ਬਾਕੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਦਯੋਗਿਕ ਸੰਗਠਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਕੀ ਅੰਤਿਮ ਫ਼ੈਸਲਾ ਲੈਂਦਾ ਹੈ। ਫਿਲਹਾਲ ਇਸ ਬਾਰੇ ਪੁਲਸ ਵੱਲੋਂ ਵੀ ਆਖਰੀ ਫ਼ੈਸਲਾ ਲੈਣਾ ਅਜੇ ਬਾਕੀ ਹੈ ਅਤੇ ਬਿਜਲੀ ਬੋਰਡ ਤੋਂ ਵੀ ਹਾਈ ਟੈਨਸ਼ਨ ਤਾਰਾਂ ਬਾਰੇ ਸਪੱਸ਼ਟੀਕਰਨ ਲੈਣਾ ਹੋਵੇਗਾ।
ਪਾਰਕ ’ਚ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਸੋਸ਼ਲ ਐਕਟੀਵਿਸਟ ਨੇ ਸੀ. ਐੱਮ. ਆਫਿਸ ਵਿਚ ਦਰਜ ਕਰਵਾਈ ਸ਼ਿਕਾਇਤ
ਸ਼ਹਿਰ ਦੇ ਫੋਕਲ ਪੁਆਇੰਟ ਨੇੜੇ ਸਥਿਤ ਸ਼ਹੀਦ ਬੇਅੰਤ ਸਿੰਘ ਪਾਰਕ ਵਿਚ ਪਟਾਕੇ ਵੇਚਣ ਲਈ ਨਿਗਮ ਪ੍ਰਸ਼ਾਸਨ ਵੱਲੋਂ ਜਾਰੀ ਐੱਨ. ਓ. ਸੀ. ਨੂੰ ਲੈ ਕੇ ਸੋਸ਼ਲ ਐਕਟੀਵਿਸਟ ਅਤੇ ਵਾਤਾਵਰਣ ਵਰਕਰ ਤੇਜਸਵੀ ਮਿਨਹਾਸ ਨੇ ਮੁੱਖ ਮੰਤਰੀ ਦਫ਼ਤਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਤੇਜਸਵੀ ਮਿਨਹਾਸ ਨੇ ਕਿਹਾ ਕਿ ਇਹ ਐੱਨ. ਓ. ਸੀ. 100 ਫ਼ੀਸਦੀ ਨਾਜਾਇਜ਼ ਹੈ ਅਤੇ ਲੋਕਲ, ਸੂਬਾਈ ਅਤੇ ਰਾਸ਼ਟਰੀ ਪੱਧਰ ਦੇ ਵਾਤਾਵਰਣ ਕਾਨੂੰਨਾਂ ਖ਼ਿਲਾਫ਼ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਪਾਰਕ ਮੈਨੇਜਮੈਂਟ ਰੂਲਜ਼ 2017 ਦਾ ਵੀ ਉਲੰਘਣ ਹੈ, ਜੋ ਜਨਤਕ ਪਾਰਕਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਸਰਗਰਮੀ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਰਕ ਦੀ ਕਮਰਸ਼ੀਅਲ ਵਰਤੋਂ ਮੌਜੂਦਾ ਗ੍ਰੀਨ ਕਵਰ ਲਈ ਗੰਭੀਰ ਖ਼ਤਰਾ ਪੈਦਾ ਕਰੇਗੀ ਅਤੇ ਗ੍ਰੀਨ ਸਪੇਸ ਦੀ ਦੁਰਵਰਤੋਂ ਦੀ ਗਲਤ ਉਦਾਹਰਣ ਪੇਸ਼ ਕਰੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਤੇ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8