ਗੁਰਦਾਸ ਮਾਨ ਦਾ ਸਿੱਖ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ, ਫੂਕਿਆ ਪੁਤਲਾ, ਵੱਖ-ਵੱਖ ਥਾਣਿਆਂ ਦਾ ਕੀਤਾ ਘਿਰਾਓ

Tuesday, Aug 24, 2021 - 03:53 PM (IST)

ਜਲੰਧਰ (ਪਾਲੀ)– ਗੁਰਦਾਸ ਮਾਨ ਨੂੰ ਇਨ੍ਹੀਂ ਦਿਨੀਂ ਸਿੱਖ ਜਥੇਬੰਦੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਨਕੋਦਰ ਵਿਖੇ ਆਪਣੇ ਪ੍ਰੋਗਰਾਮ ਦੌਰਾਨ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਣ ’ਤੇ ਸਿੱਖ ਜਥੇਬੰਦੀਆਂ ’ਚ ਭਾਰੀ ਰੋਸ ਹੈ। ਹਾਲਾਂਕਿ ਗੁਰਦਾਸ ਮਾਨ ਨੇ ਆਪਣੇ ਕਹੇ ਸ਼ਬਦਾਂ ਲਈ ਮੁਆਫ਼ੀ ਵੀ ਮੰਗ ਲਈ ਹੈ ਤੇ ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਪਰ ਸਿੱਖ ਜਥੇਬੰਦੀਆਂ ਦਾ ਗੁੱਸਾ ਗੁਰਦਾਸ ਮਾਨ ਦੀ ਮੁਆਫ਼ੀ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਇਆ।

ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਥਾਣਿਆਂ ਦਾ ਘਿਰਾਓ ਕਰਕੇ ਗੁਰਦਾਸ ਮਾਨ ’ਤੇ ਪਰਚਾ ਦਰਜ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸਿੱਖ ਜਥੇਬੰਦੀਆਂ ਵਲੋਂ ਇਸ ਸਬੰਧੀ ਰੋਸ ਮਾਰਚ ਵੀ ਕੀਤਾ ਗਿਆ ਹੈ।

PunjabKesari

ਉਥੇ ਫਿਰੋਜ਼ਪੁਰ ’ਚ ਗੁਰਦਾਸ ਮਾਨ ਦਾ ਪੁਤਲਾ ਫੂਕ ਕੇ ਸਿੱਖ ਜਥੇਬੰਦੀਆਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਸੋਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਲੋਕਾਂ ਨੇ ਪੰਜਾਬ ਦਾ ਮਾਣ ਬਣਾਇਆ ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੇ ਪੰਜਾਬੀਆਂ ਦਾ ਮਾਣ ਨਹੀਂ ਰੱਖਿਆ।

PunjabKesari

ਆਪਣੇ ਬਿਆਨਾਂ ਕਾਰਨ ਲਗਾਤਾਰ ਵਿਵਾਦਾਂ ’ਚ ਰਹਿਣ ਵਾਲੇ ਗੁਰਦਾਸ ਮਾਨ ਦਾ ਹੁਣ ਇਹ ਵਿਵਾਦ ਕਿਹੜਾ ਮੋੜ ਲੈਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari

ਨੋਟ– ਗੁਰਦਾਸ ਮਾਨ ਦੇ ਤਾਜ਼ਾ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News