ਪੀ. ਐੱਸ. ਯੂ. ਨੇ ਕੱਢਿਆ ਰੋਸ ਮਾਰਚ
Friday, Jul 28, 2017 - 07:53 AM (IST)
ਮੋਗਾ (ਪਵਨ ਗਰੋਵਰ/ ਗੋਪੀ ਰਾਊਕੇ) - ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਕ ਪ੍ਰਾਈਵੇਟ ਕਾਲਜ 'ਚ ਦਲਿਤ ਵਿਦਿਆਰਥੀਆਂ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ ਸ਼ਹਿਰ ਦੇ ਨੇਚਰ ਪਾਰਕ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਕੰਪਲੈਕਸ ਦੇ ਬਾਹਰ ਰੋਸ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਯੂਨੀਅਨ ਵੱਲੋਂ ਸਰਕਾਰ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਪੀ. ਐੱਸ. ਯੂ. ਦੇ ਪ੍ਰਦੇਸ਼ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ, ਪ੍ਰਦੇਸ਼ ਨੇਤਾ ਗਗਨ ਸੰਗਰਾਮੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਦੀ ਫੀਸ ਦੀ ਪੂਰਤੀ ਸਰਕਾਰ ਕਰਦੀ ਹੈ ਪਰ ਕਾਲਜ ਪ੍ਰਿੰਸੀਪਲ ਨੇ ਬੇਖੌਫ ਹੋ ਕੇ 2 ਸਾਲ ਫੀਸਾਂ ਲਈਆਂ ਅਤੇ ਸਰਕਾਰ ਨੂੰ ਸਕਾਲਰਸ਼ਿਪ ਭੇਜਣ ਲਈ ਵੀ ਨਹੀਂ ਕਿਹਾ। ਦਲਿਤ ਵਿਦਿਆਰਥਣਾਂ ਨੇ ਪਿਛਲੇ ਸਾਲ ਆਪਣੇ ਖਾਤੇ ਦੇ ਪੋਸਟ ਡੇਟਡ ਚੈੱਕ ਵੀ ਪ੍ਰਿੰਸੀਪਲ ਨੂੰ ਦੇ ਦਿੱਤੇ ਸਨ, ਜਿਨ੍ਹਾਂ ਦੀ ਫੀਸ 15 ਹਜ਼ਾਰ ਰੁਪਏ ਬਣਦੀ ਹੈ ਪਰ ਪ੍ਰਿੰਸੀਪਲ ਪਿਛਲੀ ਅਤੇ ਇਸ ਸਾਲ ਦੀ ਪੂਰੀ 25 ਹਜ਼ਾਰ ਰੁਪਏ ਫੀਸ ਮੰਗ ਰਹੀ ਹੈ। ਇਸ ਸਮੇਂ ਹਾਈਕੋਰਟ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਦਾਲਤ, ਸਰਕਾਰ ਅਤੇ ਹਰ ਉਸ ਨਿਯਮ ਦਾ ਵਿਰੋਧ ਕਰਾਂਗੇ, ਜੋ ਵਿਦਿਆਰਥੀ ਵਿਰੋਧੀ ਅਤੇ ਮੈਨੇਜਮੈਂਟ ਦੇ ਪੱਖ ਵਿਚ ਹਨ। ਪੀ. ਐੱਸ. ਯੂ. ਦੇ ਜ਼ਿਲਾ ਕਨਵੀਨਰ ਮੋਹਨ ਸਿੰਘ ਔਲਖ, ਫੋਰਸ ਵਨ ਦੇ ਕੋ-ਆਰਡੀਨੇਟਰ ਰਾਜਿੰਦਰ ਰਿਆੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੜਕੀਆਂ ਦੀ ਸਿੱਖਿਆ ਮੁਫਤ ਕਰਨ ਦਾ ਵਾਅਦਾ ਕੀਤਾ ਸੀ ਪਰ ਇਨ੍ਹਾਂ ਦਲਿਤ ਵਿਦਿਆਰਥਣਾਂ ਨੂੰ ਨਾ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਮਿਲ ਰਿਹਾ ਹੈ ਅਤੇ ਨਾ ਹੀ ਸਰਕਾਰ ਦੇ ਮੁਫਤ ਸਿੱਖਿਆ ਦੇ ਦਾਅਵੇ ਦਾ ਲਾਭ ਮਿਲ ਰਿਹਾ ਹੈ। ਇਸ ਦੌਰਾਨ ਤੀਰਥ ਚੜਿੱਕ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਉਹ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਉਕਤ ਮੰਗਾਂ ਨੂੰ ਲੈ ਕੇ 14 ਸਤੰਬਰ ਨੂੰ ਮੋਤੀ ਮਹਿਲ, ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ।
