ਅਧਿਆਪਕਾ ’ਤੇ ਕਾਰਵਾਈ ਦੇ ਵਿਰੋਧ ’ਚ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਦਿੱਤਾ ਧਰਨਾ

07/17/2018 1:56:16 AM

ਬਠਿੰਡਾ(ਸੁਖਵਿੰਦਰ)-ਨੇੜਲੇ  ਪਿੰਡ ਦੇ ਸਰਕਾਰੀ ਸਕੂਲ ’ਚ ਇਕ ਅਧਿਆਪਕ ਵੱਲੋਂ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਇਕ ਐੱਸ. ਸੀ. ਅਧਿਆਪਕਾ  ਨਾਲ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ’ਚ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ  ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਮਾਓਂ ਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਜ਼ਿਲਾ ਸਕੱਤਰ ਹਰਵਿੰਦਰ ਸਿੰਘ ਸੇਮਾ ਆਦਿ ਨਾ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਕੇਂਦਰ ਦੀ ਸੱਤਾ ’ਤੇ ਬਿਰਾਜਮਾਨ ਹੋਈ ਹੈ, ਉਦੋਂ ਤੋਂ ਦੇਸ਼ ਭਰ ’ਚ ਦਲਿਤਾਂ, ਮਹਿਲਾਵਾਂ ਅਤੇ ਪਿਛਡ਼ੇ ਵਰਗਾਂ ਦੇ ਲੋਕਾਂ ’ਤੇ ਜ਼ੁਲਮ ਹੋਰ ਵਧ ਗਏ ਹਨ। ਉਨ੍ਹਾਂ ਕਿਹਾ ਕਿ ਉਕਤ ਸਕੂਲ ਵਿਚ ਇਕ ਅਧਿਆਪਕ ਨੇ ਵਿਦਿਆਰਥਣ ਦੇ ਨਾਲ ਛੇਡ਼-ਛਾਡ਼ ਕੀਤੀ ਸੀ ਤੇ  ਦਲਿਤ ਵਰਗ ਦੀ ਅਧਿਆਪਕ ਰਾਜਵੰਤ ਕੌਰ ਨੇ ਇਸਦਾ ਵਿਰੋਧ ਕੀਤਾ ਸੀ। ਸਿੱਖਿਆ ਵਿਭਾਗ ਵੱਲੋਂ ਮੁਲਜ਼ਮਾਂ ’ਤੇ ਕਾਰਵਾਈ ਨਾ ਕਰ ਕੇ ਅਧਿਆਪਕਾ ਰਾਜਵੰਤ ਕੌਰ ’ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਗਈ ਦੋਸ਼ ਸੂਚੀ ’ਚੋਂ ਰਾਜਵੰਤ ਕੌਰ ਦਾ ਨਾਂ ਨਾ ਹਟਾਇਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ  ਪੰਜਾਬ ਕਿਸਾਨ ਯੂਨੀਅਨ ਦੇ ਗੁਰਜੰਟ ਸਿੰਘ ਬਾਲਿਆਂਵਾਲੀ, ਪ੍ਰੈੱਸ ਸਕੱਤਰ ਗੁਰਤੇਜ ਸਿੰਘ, ਬੀ. ਐੱਸ. ਪੀ. ਦੇ ਹਲਕਾ ਮੁਖੀ ਰਣਧੀਰ ਸਿੰਘ ਧੀਰਾ, ਪੇਂਡੂ ਮਜ਼ਦੂਰ ਯੂਨੀਅਨ ਦੇ ਦਰਬਾਰ ਸਿੰਘ ਫੂਲੇਵਾਲਾ, ਸੀ. ਪੀ. ਆਈ. ਦੇ ਰਣਜੀਤ ਸਿੰਘ, ਬਾਬਾ ਜੀਵਨ ਸਿੰਘ ਕਲੱਬ ਸਿਧਾਣਾ ਦੇ ਪ੍ਰਧਾਨ ਅੰਗਰੇਜ਼ ਸਿੰਘ, ਹਰਬੰਸ ਸਿੰਘ, ਪ੍ਰਿਤਪਾਲ ਸਿੰਘ, ਗੁਰਜੰਟ, ਬਲਕਰਨ ਸਿੰਘ, ਜਸਵੰਤ ਸਿੰਘ ਪੂਹਲੀ ਆਦਿ ਨੇ ਵੀ ਸੰਬੋਧਨ ਕੀਤਾ।     
 


Related News