ਪਨਬੱਸ ਕੰਟਰੈਕਟ ਵਰਕਰਾਂ ਨੇ ਕੀਤਾ ਚੱਕਾ ਜਾਮ
Tuesday, Jun 26, 2018 - 12:47 AM (IST)
ਫਿਰੋਜ਼ਪੁਰ(ਕੁਮਾਰ, ਮਨਦੀਪ, ਪਰਮਜੀਤ, ਸ਼ੈਰੀ, ਕੁਲਦੀਪ, ਮਲਹੋਤਰਾ)– ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਕਾਲ ’ਤੇ ਅੱਜ ਪੰਜਾਬ ਦੇ 18 ਡਿਪੂਆਂ ਦੇ ਨਾਲ-ਨਾਲ ਫਿਰੋਜ਼ਪੁਰ ’ਚ ਵੀ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਮੁਕੰਮਲ ਹਡ਼ਤਾਲ ਕੀਤੀ ਗਈ ਅਤੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਹੇਠ ਮੁਕੰਮਲ ਚੱਕਾ ਜਾਮ ਕਰ ਕੇ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਹਡ਼ਤਾਲ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅੱਤ ਦੀ ਗਰਮੀ ’ਚ ਲੋਕ ਪ੍ਰਾਈਵੇਟ ਬੱਸਾਂ ਦੀਆਂ ਛੱਤਾਂ ’ਤੇ ਸਫਰ ਕਰਦੇ ਦੇਖੇ ਗਏ। ਧਰਨੇ ਦੌਰਾਨ ਸੰਬੋਧਨ ਕਰਦਿਅਾਂ ਯੂਨੀਅਨ ਦੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਸਰਪ੍ਰਸਤ ਪਰਗਟ ਸਿੰਘ, ਡਿਪੂ ਪ੍ਰਧਾਨ ਜਸਵਿੰਦਰ ਸਿੰਘ, ਕੰਵਲਜੀਤ ਸਿੰਘ ਮਾਨੋਚਾਹਲ, ਸੁਖਪਾਲ ਸਿੰਘ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਸੱਤਾ ’ਚ ਆਉਣ ਤੋਂ ਬਾਅਦ ਕਾਂਗਰਸ ਨੇ ਦਾਅਵਿਆਂ ਦੇ ਉਲਟ ਟਰਾਂਸਪੋਰਟ ਮਾਫੀਆ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਪ੍ਰੋਤਸਾਹਿਤ ਕੀਤਾ ਹੈ। ਕਾਂਗਰਸ ਸਰਕਾਰ ਖਿਲਾਫ ਪਿੱਟ-ਸਿਆਪਾ ਕਰਦਿਅਾਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਨਬੱਸ ’ਚ ਕੰਮ ਕਰਦੇ ਕਰਮਚਾਰੀਆਂ ਨੂੰ ਸਿਰਫ 8 ਤੋਂ ਲੈ ਕੇ 10 ਹਜ਼ਾਰ ਰੁਪਏ ਮਹੀਨਾ ਤਨਖਾਹ ਦੇ ਰੂਪ ’ਚ ਦਿੱਤਾ ਜਾ ਰਿਹਾ ਹੈ ਤੇ ਸਰਕਾਰ ਮਾਣਯੋਗ ਸੁਪਰੀਮ ਕੋਰਟ ਦੇ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਦੇਣ ਦੇ ਫੈਸਲੇ ਤੋਂ ਭੱਜ ਰਹੀ ਹੈ। ਯੂਨੀਅਨ ਨੇ ਪਨਬੱਸਾਂ ਨੂੰ ਕਰਜ਼ਾ ਮੁਕਤ ਹੋਣ ’ਤੇ ਪੰਜਾਬ ਰੋਡਵੇਜ਼ ’ਚ ਮਰਜ਼ ਕਰਨ ਦੀ ਮੰਗ ਕੀਤੀ। ਪਨਬੱਸ ਵਾਲਿਅਾਂ ਨੇ ਫਿਰੋਜ਼ਪੁਰ ’ਚ ਕੁਝ ਬੱਸਾਂ ਰੋਡਵੇਜ ਦੀਅਾਂ ਵੀ ਨਹੀਂ ਚੱਲਣ ਦਿੱਤੀਅਾਂ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਘਰ-ਘਰ ਨੌਕਰੀ ਦੇਣ ਦਾ ਢਿੰਡੋਰਾ ਪਿੱਟ ਰਹੀ ਹੈ ਅਤੇ ਦੂਸਰੇ ਪਾਸੇ ਤਰ੍ਹਾਂ-ਤਰ੍ਹਾਂ ਦੀਆਂ ਕੰਡੀਸ਼ਨਾਂ ਲਾ ਕੇ ਠੇਕੇ ’ਤੇ ਭਰਤੀ ਹੋਏ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕਾਲੇ ਕਾਨੂੰਨ ਵਾਪਸ ਲਏ ਜਾਣ ਤੇ ਠੇਕੇ ’ਤੇ ਰੱਖੇ ਸਾਰੇ ਕਰਮਚਾਰੀਆਂ ਨੂੰ ਪੱਕਾ ਕਰ ਕੇ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਤਨਖਾਹ ਤੇ ਸਹੂਲਤਾਂ ਦਿੱਤੀਆਂ ਜਾਣ। ਬਲਜੀਤ ਸਿੰਘ, ਹਰਜੀਤ ਸਿੰਘ, ਰਜਿੰਦਰ ਸਿੰਘ ਰਾਜੂ, ਹਰਬੰਸ ਸਿੰਘ, ਜੱਸਾ ਸਿੰਘ ਅਤੇ ਸੌਰਵ ਸੈਨੀ ਆਦਿ ਨੇ ਧਰਨੇ ਦੌਰਾਨ ਸੰਬੋਧਨ ਕਰਦਿਅਾਂ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਵਿਭਾਗ ’ਚ ਲੈਣ ਦੀ ਮੰਗ ਕੀਤੀ ਤੇ ਕਿਹਾ ਕਿ ਜਲਦ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
