ਸ਼ਰਾਬ ਦੇ ਠੇਕੇਦਾਰਾਂ ਨੇ ਐੱਸ. ਐੱਚ. ਓ. ਖਿਲਾਫ ਕੀਤੀ ਨਾਅਰੇਬਾਜ਼ੀ

Sunday, Jun 24, 2018 - 06:24 AM (IST)

ਫਤਿਹਗਡ਼੍ਹ ਸਾਹਿਬ(ਜੱਜੀ)-ਥਾਣਾ ਮੁੱਲੇਪੁਰ ਦੇ ਐੱਸ. ਐੱਚ. ਓ. ਖਿਲਾਫ ਅੱਜ ਜੱਖਵਾਲੀ ਸਰਕਲ ਦੇ ਸ਼ਰਾਬ ਦੇ ਠੇਕੇਦਾਰਾਂ ਅਤੇ ਕਰਿੰਦਿਅਾਂ ਨੇ ਐੱਸ. ਐੱਸ. ਪੀ. ਦਫਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਐੱਸ. ਪੀ. ਐੱਚ. ਨੂੰ ਮੰਗ-ਪੱਤਰ ਦਿੱਤਾ। ਰੋਸ ਵਜੋਂ ਠੇਕੇਦਾਰਾਂ ਵੱਲੋਂ ਅੱਜ ਸਰਕਲ ਜੱਖਵਾਲੀ ਦੇ ਸਾਰੇ ਠੇਕੇ ਬੰਦ ਰੱਖੇ ਗਏ ਤੇ ਇਨਸਾਫ ਨਾ ਮਿਲਣ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।
ਕੀ ਕਹਿੰਦੇ ਹਨ ਸ਼ਰਾਬ ਦੇ ਠੇਕੇਦਾਰ?
ਜੱਖਵਾਲੀ ਸ਼ਰਾਬ ਦੇ ਠੇਕੇਦਾਰ ਰਾਜਿੰਦਰ ਸਿੰਘ ਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 5  ਦੁਕਾਨਾਂ ਲੱਗਭਗ 5 ਕਰੋਡ਼ 13 ਲੱਖ ਰੁਪਏ  ਠੇਕੇ ’ਤੇ ਲਈਆਂ ਹਨ, ਜਿਨ੍ਹਾਂ ਦੀ ਲਗਭਗ 78 ਲੱਖ ਰੁਪਏ ਸਕਿਓਰਟੀ ਜਮ੍ਹਾ ਕਰਵਾਈ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੋਸ਼ ਲਾਇਆ ਕਿ ਥਾਣਾ ਮੁੱਲੇਪੁਰ ਦਾ ਐੱਸ. ਐੱਚ. ਓ.  ਉਨ੍ਹਾ ਨੂੰ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਸ. ਐੱਚ. ਓ. ਨੇ ਕਥਿਤ ਤੌਰ ’ਤੇ ਉਨ੍ਹਾਂ ਕੋਲੋਂ ਕਰੀਬ 15 ਪੇਟੀਆਂ ਸ਼ਰਾਬ, ਜਿਸ ਦੀ ਕੀਮਤ ਲੱਗਭਗ 70 ਹਜ਼ਰ ਰੁਪਏ ਹੋਵੇਗੀ, ਲੈ ਲਈ ਹੈ। ਇਸ ਤੋਂ ਬਾਅਦ  ਉਹ ਕਥਿਤ ਤੌਰ ’ਤੇ ਹੋਰ ਸ਼ਰਾਬ ਦੀ ਮੰਗ ਕਰ ਰਿਹਾ ਹੈ, ਜਦੋਂ ਉਨ੍ਹਾਂ ਨੇ ਹੋਰ ਸ਼ਰਾਬ ਦੇਣ ਤੋਂ ਅਸਮਰੱਥਾ ਜ਼ਾਹਰ ਕੀਤੀ ਤਾਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਐੱਸ. ਐੱਚ. ਓ. ਵਲੋਂ ਸ਼ਰਾਬ ਦੇ ਠੇਕੇ ਅੱਗੇ ਪਿੰਡ ਰੁਡ਼ਕੀ ਵਿਖੇ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ  22 ਜੂਨ ਨੂੰ ਸ਼ਾਮ ਕਰੀਬ 7 ਵਜੇ ਐੱਸ. ਐੱਚ. ਓ. ਪੁਲਸ ਪਾਰਟੀ ਸਮੇਤ ਪਿੰਡ ਰੁਡ਼ਕੀ ਵਾਲੇ ਠੇਕੇ ’ਤੇ ਪਹੁੰਚਿਆ ਤੇ ਸੇਲਜ਼ਮੈਨ ਪ੍ਰਦੀਪ ਰਾਣਾ ਨੂੰ ਫਡ਼ ਕੇ ਲੈ ਗਿਆ ਤੇ ਠੇਕਾ ਬੰਦ ਕਰਵਾ ਦਿੱਤਾ। 
ਇਸ ਸਬੰਧੀ ਜਦੋਂ ਉਨ੍ਹਾਂ ਨੇ ਫੋਨ ’ਤੇ ਐਕਸਾਈਜ਼ ਵਿਭਾਗ ਦੇ ਅਫਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਦਖਲ ਦੇਣ ਤੋਂ ਬਾਅਦ ਸੇਲਜ਼ਮੈਨ ਨੂੰ ਛੱਡ ਦਿੱਤਾ ਗਿਆ। ਉੁਨ੍ਹਾਂ ਦੱਸਿਆ ਕਿ  8 ਜੂਨ ਨੂੰ ਐਕਸਾਈਜ਼ ਵਿਭਾਗ ਵਲੋਂ ਪਿੰਡ ਨੌਲੱਖਾ ਤੋਂ ਨਾਜਾਇਜ਼ ਸ਼ਰਾਬ ਫਡ਼ੀ ਸੀ, ਜਦਕਿ ਵੇਚਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ 16 ਜੂਨ ਨੂੰ ਐਕਸਾਈਜ਼ ਵਿਭਾਗ ਨੇ ਪਿੰਡ ਨੌਲੱਖਾ ਕੋਲੋਂ ਲੱਗਭਗ 4 ਪੇਟੀਆਂ ਸ਼ਰਾਬ ਬਰਾਮਦ ਕੀਤੀ ਤੇ 2 ਵਿਅਕਤੀ ਮੌਕੇ ’ਤੇ ਫਡ਼ੇ ਗਏ ਸਨ, ਜਿਨ੍ਹਾਂ ਨੂੰ ਐਕਸਾਈਜ਼ ਵਿਭਾਗ ਦੀ ਟੀਮ ਨੇ ਥਾਣਾ ਮੁੱਲੇਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਸੀ ਪਰ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਉਕਤ ਫਡ਼ੀ ਗਈ ਸ਼ਰਾਬ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਲਾਕੇ ਦੇ ਪਿੰਡਾਂ ’ਚ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਵਿਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਮੁਲਾਜ਼ਮ ਜਦੋਂ ਸ਼ਰਾਬ ਇਕ ਠੇਕੇ ਤੋਂ ਲੈ ਕੇ ਦੂਜੇ ਠੇਕੇ ’ਤੇ ਜਾਂਦੇ ਹਨ ਤਾਂ ਪੁਲਸ ਵਲੋਂ ਰੋਕ ਕੇ  ਉਨਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਉਨ੍ਹਾਂ  ਵਲੋਂ ਪਿੰਡ ਰੁਡ਼ਕੀ, ਜੱਖਵਾਲੀ, ਖਰੋਡ਼ਾ, ਚਨਾਰਥਲ ਕਲਾਂ ਤੇ ਸਰਾਣਾ ਦੇ ਠੇਕੇ ਬੰਦ ਕਰ ਕੇ ਪੁਲਸ ਦੇ ਉੱਚ ਅਫਸਰਾਂ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ  ਉਹ ਠੇਕੇ ਬੰਦ ਕਰ ਕੇ ਚਾਬੀਆਂ ਡਿਪਟੀ ਕਮਿਸ਼ਨਰ ਸਾਹਿਬ ਹਵਾਲੇ ਕਰ ਦੇਣਗੇ।  
  ਕੀ ਕਹਿੰਦੇ ਹਨ ਐੱਸ. ਪੀ. ਐੱਚ.?
ਇਸ ਸਬੰਧੀ ਐੱਸ. ਪੀ. ਐੱਚ. ਰਵਿੰਦਰਪਾਲ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਮੰਗ-ਪੱਤਰ ਦਿੱਤਾ ਹੈ, ਜਿਸ ਦੀ ਜਾਂਚ ਏ. ਐੱਸ. ਪੀ. ਫਤਿਹਗਡ਼੍ਹ ਸਾਹਿਬ ਹਵਾਲੇ ਕਰ ਦਿੱਤੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਕੁਝ ਕਹਿਣਗੇ।


Related News