ਮੁਹੱਲਾ ਵਾਸੀਆਂ ਨੇ ਖਾਲੀ ਬਾਲਟੀਆਂ ਫੜ੍ਹ ਕੇ ਕੀਤਾ ਰੋਸ ਵਿਖਾਵਾ

Sunday, Jun 10, 2018 - 06:45 AM (IST)

ਅਬੋਹਰ(ਸੁਨੀਲ)–ਲਾਈਨ ਪਾਰ ਖੇਤਰ ਨਵੀਂ ਆਬਾਦੀ ’ਚ ਵਾਰਡ ਨੰਬਰ 19 ’ਚ ਪਿਛਲੇ ਕਰੀਬ 10 ਦਿਨਾਂ ਤੋਂ ਪਾਣੀ ਨਾ ਆਉਣ ’ਤੇ ਇਥੋਂ ਦੇ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਰੋਸ ਵਜੋਂ  ਮੁਹੱਲਾ ਵਾਸੀਆਂ ਨੇ ਖਾਲੀ ਬਾਲਟੀਆਂ ਲੈ ਕੇ ਵਾਰਡ ਕੌਂਸਲਰ  ਦੇ ਘਰ ਮੂਹਰੇ ਸੀਵਰੇਜ ਬੋਰਡ  ਖਿਲਾਫ  ਰੋਸ ਵਿਖਾਵਾ ਕੀਤਾ।  ਵਾਰਡ ਨੰਬਰ 19 ਦੇ ਅਧੀਨ ਆਉਂਦੀ ਗਲੀ ਨੰਬਰ 7 ਦੇ ਵਾਸੀਆਂ ਪੂਨਮ, ਕ੍ਰਿਤੀਕਾ, ਕਿਰਨ, ਸੀਮਾ, ਉਰਮਿਲਾ, ਬਿਮਲਾ, ਸੋਨੀਆ,  ਰਾਧਾ, ਰਾਜ ਕੁਮਾਰ ਨਰੂਲਾ, ਸ਼ਾਮ ਲਾਲ ਮਿੱਢਾ ਨੇ ਦੱਸਿਆ ਕਿ ਬੀਤੇ ਮਹੀਨੇ ਉਨ੍ਹਾਂ ਦੇ ਮੁਹੱਲੇ ’ਚ ਸੀਵਰੇਜ ਬੋਰਡ ਦੇ ਕਰਮਚਾਰੀਆਂ ਨੇ ਗਲੀ ਨੰਬਰ 8 ’ਚ ਪਾਣੀ ਦੀ ਪਾਈਪ ਦਾ ਕੁਨੈਕਸ਼ਨ ਜੋਡ਼ਨ ਸਮੇਂ ਉਨ੍ਹਾਂ ਦੇ ਮੁਹੱਲੇ ’ਚ ਪਾਣੀ ਸਪਲਾਈ ਵਾਲੀ ਪਾਈਪ ਦਾ ਕੁਨੈਕਸ਼ਨ ਤੋਡ਼ ਦਿੱਤਾ ਸੀ, ਜਿਸ ਨੂੰ ਹੁਣ ਤੱਕ ਜੋਡ਼ਿਆ ਨਹੀਂ ਗਿਆ, ਜਿਸ ਕਾਰਨ ਉਨ੍ਹਾਂ ਦੇ ਘਰਾਂ ’ਚ ਪਿਛਲੇ 10 ਦਿਨਾਂ ਤੋਂ ਪਾਣੀ ਨਹੀਂ ਆਇਆ ਤੇ ਉਨ੍ਹਾਂ ਨੂੰ ਇਸ ਭੱਖਦੀ ਗਰਮੀ ’ਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰ ਹੋ ਕੇ ਵਾਰਡ ਕੌਂਸਲਰ ਅੰਜਲੀ ਛਾਬਡ਼ਾ ਦੇ ਘਰ ਮੂਹਰੇ ਖਾਲੀ ਬਾਲਟੀਆਂ ਲੈ ਕੇ ਰੋਸ ਵਿਖਾਵਾ ਕਰਨ ਨੂੰ ਮਜਬੂਰ ਹੋਣਾ ਪਿਆ। ਵਾਰਡ ਕੌਂਸਲਰ ਨੇ ਉਨ੍ਹਾਂ ਦੀ ਸਮੱਸਿਆ ਸੁਣਨ ਤੋਂ ਬਾਅਦ ਉਨ੍ਹਾਂ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਉਹ ਇਸ ਸਮੱਸਿਆ ’ਚ ਉਹ ਉਨ੍ਹਾਂ   ਨਾਲ ਖਡ਼੍ਹੀ ਹੈ। ਅਮਰੁਤ ਯੋਜਨਾ  ਦੇ ਠੇਕੇਦਾਰਾਂ ਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਨੂੰ ਕਈ ਵਾਰ ਕਹਿ ਚੁੱਕੀ ਹੈ ਪਰ ਕੋਈ ਸੁਣਵਾਈ ਨਹੀਂ ਕਰ ਰਿਹਾ।  ਜੇਕਰ ਜਲਦੀ ਉਨ੍ਹਾਂ ਦੇ ਮੁਹੱਲੇ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਉਹ ਮੁਹੱਲਾ ਵਾਸੀਆਂ  ਦੇ ਨਾਲ ਸੀਵਰੇਜ ਬੋਰਡ ਦੇ ਬਾਹਰ ਘਡ਼ਾ ਭੰਨ ਮੁਜ਼ਾਹਰਾ ਕਰੇਗੀ। 
 ਕੀ ਕਹਿੰਦੇ ਨੇ ਸਹਾਇਕ ਕਾਰਜਕਾਰੀ ਇੰਜੀਨੀਅਰ  
ਇਸ  ਸਬੰਧੀ ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ਰਨਜੀਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਅਮਰੁਤ ਯੋਜਨਾ ਦੇ ਤਹਿਤ ਕਾਰਜ ਚੱਲਣ ਕਾਰਨ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਅਗਲੇ  2-3 ਦਿਨ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। 


Related News