ਔਰਤਾਂ ਨੇ ਖਾਲੀ ਬਾਲਟੀਆਂ ਫੜ ਕੇ ਜਤਾਇਆ ਰੋਸ
Sunday, Apr 22, 2018 - 02:44 AM (IST)
ਬਠਿੰਡਾ(ਪਰਮਿੰਦਰ)-ਨਹਿਰ ਵਿਚ ਪਾਣੀ ਆ ਜਾਣ ਦੇ ਬਾਵਜੂਦ ਕੁਝ ਇਲਾਕਿਆਂ ਵਿਚ ਅਜੇ ਤਕ ਵੀ ਪਾਣੀ ਦੀ ਸਪਲਾਈ ਬਹਾਲ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿੰਨੀ ਸੈਕਟਰੀਏਟ ਰੋਡ 'ਤੇ ਪਿਛਲੇ 15 ਦਿਨਾਂ ਤੋਂ ਲੋਕਾਂ ਨੂੰ ਲੋੜੀਂਦੀ ਮਾਤਰਾ 'ਚ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਲੋਕਾਂ ਨੇ ਕਿਹਾ ਕਿ ਪਹਿਲਾਂ ਨਹਿਰਬੰਦੀ ਦਾ ਬਹਾਨਾ ਬਣਾ ਕੇ ਪਾਣੀ ਦੀ ਸਪਲਾਈ ਰੋਕੀ ਗਈ ਪਰ ਹੁਣ ਨਹਿਰ ਵਿਚ ਪਾਣੀ ਵੀ ਆ ਗਿਆ ਹੈ ਫਿਰ ਵੀ ਲੋਕਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। ਗਲੀ ਵਾਸੀਆਂ ਮੀਨਾਕਸ਼ੀ ਜਿੰਦਲ, ਬੀਨਾ ਜਿੰਦਲ, ਸੁਰਿੰਦਰ ਕੌਰ, ਨਿਸ਼ਾ ਸ਼ਰਮਾ, ਗੁਰਦਿਆਲ ਕੌਰ, ਸੀਰੋ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਔਰਤਾਂ ਨੂੰ ਦੂਰ-ਦੁਰਾਡੇ ਤੋਂ ਬਾਲਟੀਆਂ ਭਰ ਕੇ ਪਾਣੀ ਲਿਆਉਣਾ ਪੈਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ 'ਚ ਜਦ ਗੇਟ ਵਾਲਵ ਖੋਲ੍ਹਣ ਵਾਲੇ ਗੁਰਵਿੰਦਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਲੇ ਦੇ ਨੇੜੇ ਪਾਣੀ ਦੀ ਪਾਈਪ 'ਚ ਲੀਕੇਜ ਹੈ, ਜਿਸ ਕਾਰਨ ਪਾਣੀ ਨਿਕਲ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਉਕਤ ਲੀਕੇਜ ਨੂੰ ਤੁਰੰਤ ਰੋਕਿਆ ਜਾਵੇ ਤਾਂਕਿ ਲੋਕਾਂ ਦੇ ਘਰਾਂ ਤਕ ਪਾਣੀ ਪਹੁੰਚ ਸਕੇ।
