ਔਰਤਾਂ ਨੇ ਖਾਲੀ ਬਾਲਟੀਆਂ ਲੈ ਕੇ ਕੀਤਾ ਰੋਸ ਪ੍ਰਦਰਸ਼ਨ

04/20/2018 3:34:14 AM

ਬਠਿੰਡਾ(ਪਰਮਿੰਦਰ)-ਨਹਿਰਬੰਦੀ ਕਾਰਨ ਮਹਾਨਗਰ ਵਿਚ ਪਾਣੀ ਦਾ ਸੰਕਟ ਗੰਭੀਰ ਹੋ ਰਿਹਾ ਹੈ। ਜ਼ਿਆਦਾਤਰ ਇਲਾਕਿਆਂ ਵਿਚ ਪਾਣੀ ਦੀ ਕਿੱਲਤ ਚਲ ਰਹੀ ਹੈ। ਪਾਣੀ ਨਾ ਮਿਲਣ ਕਾਰਨ ਭੜਕੀਆਂ ਨੀਤਾ ਸਟਰੀਟ ਦੀਆਂ ਔਰਤਾਂ ਨੇ ਖਾਲੀ ਬਾਲਟੀਆਂ ਤੇ ਬਰਤਨ ਲੈ ਕੇ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗਲੀ ਵਾਸੀ ਰਜਨੀ, ਪਰਮਜੀਤ ਕੌਰ, ਸੰਤੋਸ਼, ਪ੍ਰੇਮ ਲਤਾ ਤੇ ਹੋਰ ਔਰਤਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਇੰਨੀ ਲੰਬੀ ਨਹਿਰਬੰਦੀ ਦੌਰਾਨ ਲੋਕਾਂ ਨੂੰ ਪ੍ਰਾਪਤ ਮਾਤਰਾ ਵਿਚ ਪਾਣੀ ਪਹੁੰਚਾਉਣ ਲਈ ਪਹਿਲਾਂ ਤੋਂ ਹੀ ਯੋਗ ਪ੍ਰਬੰਧ ਕਰਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਤੋਂ ਲਗਾਤਾਰ ਪਾਣੀ ਵਿਚ ਕਟੌਤੀ ਕੀਤੀ ਜਾ ਰਹੀ ਸੀ ਜਦਕਿ ਹੁਣ ਪਾਣੀ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ। ਗਰਮੀ ਦੇ ਸੀਜ਼ਨ ਵਿਚ ਪਾਣੀ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਨੇ ਜਲਦ ਹੀ ਕੋਈ ਯੋਗ ਕਦਮ ਨਾ ਚੁੱਕਿਆ ਤਾਂ ਲੋਕ ਸੰਘਰਸ਼ ਨੂੰ ਤੇਜ਼ ਕਰਨਗੇ। ਇਧਰ, ਜੋਗੀ ਨਗਰ ਵਿਚ ਵੀ ਮਲਕੀਤ ਕੌਰ, ਜਸਵੀਰ ਕੌਰ ਤੇ ਹੋਰ ਔਰਤਾਂ ਨੇ ਪਾਣੀ ਨਾ ਆਉਣ 'ਤੇ ਰੋਸ ਜਤਾਇਆ।


Related News