ਆਸਿਫਾ ਨੂੰ ਇਨਸਾਫ ਦਿਵਾਉਣ ਲਈ ਤਖਤੀਆਂ ਲੈ ਕੇ ਕੱਢਿਆ ਮਾਰਚ

04/18/2018 3:42:03 AM

ਬਠਿੰਡਾ(ਵਰਮਾ)-ਕਠੂਆ ਵਿਖੇ ਹਵਸ ਦਾ ਸ਼ਿਕਾਰ ਹੋਈ ਨਾਬਾਲਾਗ ਆਸਿਫਾ ਨੂੰ ਇਨਸਾਫ ਦਿਵਾਉਣ ਲਈ ਵੱਖ-ਵੱਖ ਸੰਗਠਨਾਂ ਨੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਅੱਜ ਹੱਥਾਂ ਵਿਚ ਤਖਤੀਆਂ ਲੈ ਕੇ ਪੈਦਲ ਮਾਰਚ ਕੱਢਿਆ ਅਤੇ ਮੰਗ ਕੀਤੀ ਕਿ ਨਾਬਾਲਗਾ ਦੇ ਦੋਸ਼ੀਆਂ ਨੂੰ ਕਤਲ ਦੇ ਮਾਮਲੇ 'ਚ ਫਾਂਸੀ ਤੋਂ ਘੱਟ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਇਸ ਮਾਰਚ ਵਿਚ ਸ਼ਾਮਲ ਔਰਤਾਂ, ਨੌਜਵਾਨਾਂ, ਲੜਕੀਆਂ ਅਤੇ ਬਜ਼ੁਰਗਾਂ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਠੂਆ ਪੀੜਤਾ ਨੂੰ ਇਨਸਾਫ ਦਿੰਦੇ ਹੋਏ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਮੇਨ ਬਾਜ਼ਾਰਾਂ 'ਚੋਂ ਕੱਢਿਆ ਗਿਆ। ਮਾਰਚ 'ਚ ਸ਼ਾਮਲ ਵਿਦਿਆਰਥੀ ਆਸ਼ਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਨੀਂਦ ਅਜੇ ਵੀਂ ਨਹੀਂ ਖੁੱਲ੍ਹੀ ਤਾਂ ਆਉਣ ਵਾਲੇ ਸਮੇਂ ਵਿਚ ਉਸ ਵਰਗੇ ਬੱਚੇ ਪੜ੍ਹਾਈ ਕਰਨ ਲਈ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾਣ ਤੋਂ ਪਰਹੇਜ਼ ਕਰਨਗੇ। ਇਸ ਮਾਰਚ ਦੀ ਅਗਵਾਈ ਸਿਟੀਜਨ ਫਾਰ ਪੀਸ ਐਂਡ ਜਸਟਿਸ ਫੋਰਮ ਬਠਿੰਡਾ ਨੇ ਕੀਤਾ ਜਦਕਿ ਇਸ ਵਿਚ ਬਾਰ ਐਸੋਸੀਏਸ਼ਨ, ਪ੍ਰੈੱਸ ਕਲੱਬ, ਵਪਾਰ ਮੰਡਲ, ਸਮਾਜਕ ਸੰਗਠਨ, ਸੰਸਥਾਵਾਂ ਜਿਨ੍ਹਾਂ ਵਿਚ ਸਹਾਰਾ ਜਨ ਸੇਵਾ, ਨੌਜਵਾਨ ਵੈੱਲਫੇਅਰ ਸੋਸਾਇਟੀ, ਹਨੂਮਾਨ ਸੇਵਾ ਸਮਿਤੀ, ਆਸਰਾ ਵੈੱਲਫੇਅਰ ਸੋਸਾਇਟੀ ਸਮੇਤ ਹੋਰ ਸੰਗਠਨ ਸ਼ਾਮਲ ਸੀ। ਜੰਮੂ ਕਸ਼ਮੀਰ ਦੇ ਕਠੂਆ ਵਿਚ ਘਿਨੌਣੀ ਹਰਕਤ ਦਾ ਸ਼ਿਕਾਰ ਹੋਈ ਅੱਠ ਸਾਲਾ ਬੱਚੀ 'ਆਸਿਫਾ' ਨੂੰ ਇਨਸਾਫ ਦੁਆਉਣ ਲਈ ਦੇਸ਼ ਵਿਚ ਇਕ ਲਹਿਰ ਚੱਲ ਪਈ ਹੈ, ਉਥੇ ਪਵਿੱਤਰ ਨਗਰ ਦਮਦਮਾ ਸਾਹਿਬ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ। ਜਿੱਥੇ ਸਮਾਜ ਸੇਵੀ ਸੰਸਥਾਵਾਂ ਸਕੂਲੀ ਬੱਚਿਆਂ ਦੀ ਮਦਦ ਨਾਲ 18 ਅਪ੍ਰੈਲ ਨੂੰ ਸਵੇਰੇ 9 ਵਜੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵਿਸ਼ਾਲ ਰੋਸ ਮਾਰਚ ਕੱਢ ਰਹੀਆਂ ਹਨ, ਉਥੇ ਅੱਜ ਸ਼ਾਮ ਨੂੰ ਜਾਗੋ ਲੋਕ ਨਾਮੀ ਸਮਾਜ ਸੇਵੀ ਸੰਸਥਾ ਨੇ ਸ਼ਹਿਰ ਦੇ ਲੋਕਾਂ ਦੀ ਮਦਦ ਨਾਲ ਆਸਿਫਾ ਦੇ ਹੱਕ ਵਿਚ ਕੈਂਡਲ ਮਾਰਚ ਕੱਢਿਆ। ਉਕਤ ਕੈਂਡਲ ਮਾਰਚ ਸਥਾਨਕ ਭਾਈ ਡੱਲ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਨਿਸ਼ਾਨ-ਏ-ਖਾਲਸਾ ਚੌਕ ਤੱਕ ਪੁੱਜਾ। ਮਾਰਚ ਵਿਚ ਸ਼ਾਮਲ ਲੜਕੀਆਂ ਨੇ ਆਸਿਫਾ ਨੂੰ ਇਨਸਾਫ ਦਿਆਉਣ ਲਈ ਮੋਦੀ ਸਰਕਾਰ ਖਿਲਾਫ ਬੈਨਰ ਚੁੱਕੇ ਹੋਏ ਸਨ। ਮਾਰਚ 'ਚ ਮੁਲਾਜ਼ਮ ਆਗੂ ਮੱਖਣ ਸਿੰਘ, ਵਜ਼ੀਰ ਖਾਂ, ਕ੍ਰਿਸ਼ਨ ਸਿੰਘ, ਰਾਜੂ ਔਲਖ, ਸੁਖਦੇਵ ਸਿੰਘ, ਮੁਖਤਿਆਰ ਸਿੰਘ ਵੈਦ, ਭਾਈ ਮਾਨ ਸਿੰਘ, ਗੁਰਦੀਪ ਸਿੰਘ ਤੂਰ ਆਦਿ ਆਗੂ ਹਾਜ਼ਰ ਸਨ। ਐੱਸ. ਡੀ. ਐੱਮ ਨੂੰ ਆਸਿਫਾ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ। ਉਧਰ ਅੱਜ ਸ਼ਾਮ ਸਮੇਂ ਭਾਈ ਡੱਲ ਸਿੰਘ ਪਾਰਕ ਤੋਂ ਵੱਖ-ਵੱਖ ਬਾਜ਼ਾਰਾਂ 'ਚ ਕੈਂਡਲ ਮਾਰਚ ਕੀਤਾ ਗਿਆ। 


Related News