ਪੰਚਾਇਤੀ ਪੈਲੀ ਦੀ ਬੋਲੀ ਦੇ ਝਗੜੇ ਨੂੰ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਵਿਅਕਤੀ ’ਤੇ ਕੀਤਾ ਹਮਲਾ

07/03/2024 2:08:36 PM

ਫਿਰੋਜ਼ਪੁਰ (ਪਰਮਜੀਤ) : ਮਮਦੋਟ ਵਿਖੇ ਪੰਚਾਇਤੀ ਪੈਲੀ ਦੀ ਬੋਲੀ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ’ਤੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਕੇ ਜ਼ਖਮੀਂ ਕਰਨ ਦੇ ਦੋਸ਼ ’ਚ ਥਾਣਾ ਮਮਦੋਟ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਰਾਹੁਲ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ-9 ਨੇੜੇ ਐੱਮ. ਕੇ. ਹਾਲ ਨੇ ਦੱਸਿਆ ਕਿ 28 ਜੂਨ, 2024 ਨੂੰ ਕਰੀਬ 10 ਵਜੇ ਰਾਤ ਉਹ ਤੇ ਹੋਰ ਡਿਲੀਵਰੀ ਵਾਲੇ ਮੁੰਡੇ, ਉਸ ਦਾ ਮਾਲਕ ਸੁਖਦੇਵ ਰਾਜ, ਜਸਬੀਰ ਸਿੰਘ ਪੁੱਤਰ ਸ਼ਾਮ ਸ਼ੰਕਰ ਵਾਸੀ ਬੇਟੂ ਕਦੀਮ ਸਨੈਕਰ ’ਤੇ ਹਾਜ਼ਰ ਸਨ ਤਾਂ ਮੁਲਜ਼ਮ ਇੰਦਰਪਾਲ ਧਵਨ ਉਰਫ਼ ਪੰਮਾ, ਬਲਰਾਮ ਧਵਨ ਉਰਫ਼ ਬਿੱਟੂ ਪੁੱਤਰ ਜਗਦੀਸ਼ ਲਾਲ, ਅਕਾਸ਼ ਧਵਨ ਅਤੇ ਅਜੈ ਕੁਮਾਰ ਪੁੱਤਰ ਇੰਦਰਪਾਲ ਵਾਸੀਅਨ ਬੇਟੂ ਕਦੀਮ ਸਨੈਕਰ ਦੇ ਬਾਹਰ ਹਥਿਆਰਾਂ ਸਮੇਤ ਆਏ।

ਉਹ ਅੰਦਰ ਵੜਨ ਲੱਗੇ ਤਾਂ ਉਸ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਉਸ ਦੇ ਮਾਲਕ ਇਨ੍ਹਾਂ ਨੂੰ ਰੋਕਦੇ ਰਹੇ ਤਾਂ ਰੋਕਦਿਆਂ ਇੰਦਰਪਾਲ ਨੇ ਕਿਰਪਾਨ ਦਾ ਵਾਰ ਕੀਤਾ, ਜੋ ਉਸ ਦੇ ਸੱਜੇ ਹੱਥ ਦੀ ਚੀਚੀ ’ਤੇ ਲੱਗਾ। ਰਾਹੁਲ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੇ ਵੀ ਮੁਸੱਲਾ ਹਥਿਆਰਾਂ ਨਾਲ ਹਮਲਾ ਕਰ ਕੇ ਸੱਟਾਂ ਮਾਰੀਆਂ ਅਤੇ ਧਮਕੀਆਂ ਦਿੱਤੀਆਂ।

ਉਸ ਦਾ ਇਲਾਜ ਸਿਵਲ ਹਸਪਤਾਲ ਮਮਦੋਟ ਵਿਖੇ ਚੱਲ ਰਿਹਾ ਹੈ। ਵਜ਼ਾ ਰੰਜ਼ਿਸ਼ ਇਹ ਹੈ ਕਿ ਪੰਚਾਇਤੀ ਪੈਲੀ ਦੀ ਬੋਲੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਰੰਜ਼ਿਸ਼ ਦੇ ਤਹਿਤ ਉਕਤ ਮੁਲਜ਼ਮਾਂ ਨੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


Babita

Content Editor

Related News