ਅਧਿਆਪਕਾਂ ਵੱਲੋਂ ਵਿਧਾਇਕ ਪੰਡੋਰੀ ਦੇ ਘਰ ਅੱਗੇ ਧਰਨਾ
Sunday, Mar 04, 2018 - 07:16 AM (IST)
ਸੰਦੌੜ(ਰਿਖੀ)— ਐੱਸ. ਸੀ., ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਨੇ ਰਾਖਵੇਂਕਰਨ ਸਣੇ ਹੋਰ ਮੁੱਦਿਆਂ ਨੂੰ ਵਿਧਾਨ ਸਭਾ 'ਚ ਪਹੁੰਚਾਉਣ ਲਈ ਐੈੱਸ. ਸੀ., ਬੀ. ਸੀ. ਵਰਗ ਨਾਲ ਸਬੰਧਤ ਪੰਜਾਬ ਭਰ ਦੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਵਾਲੀ 'ਆਪਣਿਆਂ ਨੂੰ ਜਗਾਓ' ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਰਾਖਵੇਂ ਹਲਕਾ ਮਹਿਲ ਕਲਾਂ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਪਿੰਡ ਪੰਡੋਰੀ ਵਿਖੇ ਧਰਨਾ ਦੇ ਕੇ ਉਨ੍ਹਾਂ ਨੂੰ ਦਲਿਤ ਮੁਲਾਜ਼ਮਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਵਿਚ ਬੋਲਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਗੁਰਸੇਵਕ ਸਿੰਘ ਅਤੇ ਜਥੇਬੰਦੀ ਦੇ ਬੁਲਾਰੇ ਕੁਲਵੰਤ ਸਿੰਘ ਪੰਜਗਰਾਈਆਂ ਨੇ ਕਿਹਾ ਕਿ ਰਾਖਵੇਂਕਰਨ ਦੀ ਸੰਵਿਧਾਨਕ ਨੀਤੀ ਨੂੰ ਅੱਖੋਂ-ਪਰੋਖੇ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਨੇ 'ਆਪਣਿਆਂ ਨੂੰ ਜਗਾਓ' ਮੁਹਿੰਮ ਇਸ ਲਈ ਸ਼ੁਰੂ ਕੀਤੀ ਹੈ ਤਾਂ ਜੋ ਇਸ ਵਰਗ ਦੇ ਸਾਰੇ ਚੁਣੇ ਵਿਧਾਇਕ ਦਲਿਤਾਂ ਦੇ ਹੱਕਾਂ ਦੀ ਗੱਲ ਵਿਧਾਨ ਸਭਾ ਵਿਚ ਰੱਖਣ।ਇਸ ਮੁਹਿੰਮ ਤਹਿਤ ਸਾਰੇ ਰਾਖਵੀਂ ਸ਼੍ਰੇਣੀ ਨਾਲ ਸਬੰਧਤ ਵਿਧਾਇਕਾਂ ਨੂੰ ਜਗਾਇਆ ਜਾਵੇਗਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਣ।ਇਸ ਮੌਕੇ ਪਿੰਡ ਪੰਡੋਰੀ ਵਿਖੇ ਰੋਸ ਪ੍ਰਗਟ ਕਰਨ ਉਪਰੰਤ ਜਥੇਬੰਦੀ ਨੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਦਿੱਤਾ। ਇਸ ਸਮੇਂ ਸੂਬਾ ਸਰਪ੍ਰਸਤ ਮਲਾਗਰ ਸਿੰਘ, ਕੁਲਵੰਤ ਸਿੰਘ ਪੰਜਗਰਾਈਆਂ,ਜਸਵੀਰ ਸਿੰਘ ਬੀਹਲਾ,ਬਹਾਦਰ ਸਿੰਘ ਮਾਨਾਂ,ਲਾਭ ਸਿੰਘ ਧੂਰੀ,ਕੇਵਲ ਸਿੰਘ ਮਾਹਮਦਪੁਰ ,ਹਰਜਿੰਦਰ ਸਿੰਘ,ਕੁਲਵਿੰਦਰ ਸਿੰਘ,ਧਰਮ ਸਿੰਘ, ਬਲਵੀਰ ਸਿੰਘ, ਹਰਪ੍ਰੀਤ ਸਿੰਘ, ਨਾਇਬ ਸਿੰਘ, ਬਿੰਦਰ ਸਿੰਘ, ਰਾਜਵਰਿੰਦਰ ਸਿੰਘ ਸਣੇ ਵੱਡੀ ਗਿਣਤੀ 'ਚ ਅਧਿਆਪਕ ਆਗੂ ਹਾਜ਼ਰ ਸਨ।
