ਮਿਡ-ਡੇ ਮੀਲ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ

02/24/2018 12:20:23 AM

ਤਲਵੰਡੀ ਭਾਈ(ਗੁਲਾਟੀ)—ਮਿਡ-ਡੇ ਮੀਲ ਕੁੱਕ ਵਰਕਰਾਂ ਨੇ ਸਰਕਾਰ ਦੀਆਂ ਵਰਕਰ ਮਾਰੂ ਨੀਤੀਆਂ ਖਿਲਾਫ ਅੱਜ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਲਾਰੇਬਾਜ਼ੀ ਨੂੰ ਛੱਡ ਕੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰੇ। ਉਨ੍ਹਾਂ ਦੱਸਿਆ ਕਿ ਵਰਕਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ 16-11-2017 ਨੂੰ ਦਿੱਤਾ ਗਿਆ, ਜਿਸਦੇ ਫੈਸਲੇ ਮੁਤਾਬਕ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਨੇ ਸਰਕਾਰ ਨੂੰ ਗੁੰਮਰਾਹ ਕਰਦਿਆਂ ਗਲਤ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀਆਂ ਤਨਖਾਹਾਂ ਸਿੱਧੀਆਂ ਖਾਤੇ ਵਿਚ ਪਾਈਆਂ ਜਾ ਰਹੀਆਂ ਹਨ ਤੇ ਅਟਲ ਪੈਨਸ਼ਨ ਬੀਮਾ ਯੋਜਨਾ ਵੀ ਲਾਗੂ ਕੀਤੀ ਗਈ ਹੈ, ਜਦਕਿ ਇਹ ਕੋਰਾ ਝੂਠ ਹੈ ਅਤੇ ਯੂਨੀਅਨ ਮੰਗ ਕਰਦੀ ਹੈ ਕਿ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਅਤੇ ਤਨਖਾਹ ਸਿੱਧੀ ਖਾਤੇ ਵਿਚ ਪਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਕੁੱਕ ਵਰਕਰਾਂ ਤੋਂ ਸਕੂਲ ਮੁਖੀਆਂ ਵੱਲੋਂ ਜਬਰੀ ਸਫਾਈ ਦਾ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੋ ਉਨ੍ਹਾਂ ਨੂੰ ਰੱਖਣ ਅਤੇ ਹਟਾਉਣ ਲਈ ਸਕੂਲ ਮੈਨੇਜਮੈਂਟ ਕਮੇਟੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਭੰਗ ਕਰ ਕੇ ਸਾਰੇ ਅਧਿਕਾਰ ਸਿੱਖਿਆ ਵਿਭਾਗ ਨੂੰ ਸੌਂਪੇ ਜਾਣ। ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ 2009 ਤੋਂ ਮਿਡ-ਡੇ ਮੀਲ ਕੁੱਕਾਂ ਤੋਂ 12 ਮਹੀਨੇ ਕੰਮ ਕਰਵਾ ਕੇ 10 ਮਹੀਨਿਆਂ ਦੀ ਹੀ ਤਨਖਾਹ ਦਿੱਤੀ ਜਾ ਰਹੀ ਹੈ। ਇਸ ਸਬੰਧ ਵਿਚ ਕੇਂਦਰ ਸਰਕਾਰ ਤੋਂ ਵਾਰ-ਵਾਰ ਮੰਗ ਕੀਤੀ ਗਈ ਕਿ ਮਿਡ-ਡੇ ਮੀਲ ਵਰਕਰਾਂ ਦੀ ਲਿਸਟ ਨੂੰ ਉਜਰਤ ਵਾਲੀ ਲਿਸਟ ਵਿਚ ਪਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਵਿਭਾਗ ਕੁੱਕ ਵਰਕਰਾਂ ਦੇ ਹਿੱਤਾਂ ਨੂੰ ਕੁਚਲਣ ਲਈ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ। ਇਸ ਮੌਕੇ ਨਰਿੰਦਰ ਕੌਰ ਜਨਰਲ ਸੈਕਟਰੀ ਫ਼ਿਰੋਜ਼ਪੁਰ, ਰਜਨੀਬਾਲਾ, ਜਸਵਿੰਦਰ ਕੌਰ, ਗੁਰਵਿੰਦਰ ਕੌਰ, ਜਗਪ੍ਰੀਤ ਕੌਰ, ਕਿਰਨਜੀਤ ਕੌਰ, ਸੁਖਜੀਤ ਕੌਰ, ਕੁਲਵਿੰਦਰ ਕੌਰ, ਹਰਬੰਸ ਕੌਰ, ਕਸ਼ਮੀਰ ਸਿੰਘ ਸੀਰਾ, ਸਿਮਰਨ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ, ਸਵਰਨਜੀਤ ਕੌਰ, ਸੁਖਵਿੰਦਰ ਕੌਰ ਆਦਿ ਮੌਜੂਦ ਸਨ। 


Related News