ਤਨਖਾਹ ਅਤੇ ਪੈਨਸ਼ਨ ਨਾ ਮਿਲਣ ''ਤੇ ਪਾਵਰਕਾਮ ਦੇ ਮੁਲਾਜ਼ਮਾਂ ਦਾ ਗੁੱਸਾ ਫੁੱਟਿਆ
Saturday, Feb 03, 2018 - 07:11 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀ ਜਨਵਰੀ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਅਦਾ ਨਾ ਕਰਨ ਵਿਰੁੱੱਧ ਬਰਨਾਲਾ ਦਫਤਰ 'ਚ ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰ ਜਥੇਬੰਦੀ ਨੇ ਸਾਂਝੇ ਤੌਰ 'ਤੇ ਰੈਲੀ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ। ਯਾਦ ਰਹੇ ਕਿ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਪਾਵਰਕਾਮ ਦੀ ਤਨਖਾਹ ਮਹੀਨੇ ਦੇ ਆਖਰੀ ਦਿਨ ਅਤੇ ਪੈਨਸ਼ਨ ਪਹਿਲੀ ਤਾਰੀਖ ਨੂੰ ਅਦਾਇਗੀ ਕਰਨ ਲਈ ਪਾਬੰਦ ਹੈ ਪਰ ਮੁਲਾਜ਼ਮਾਂ ਦੀ ਜਨਵਰੀ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਅਜੇ ਤੱਕ ਵੀ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਮੁਲਾਜ਼ਮਾਂ ਨੇ ਰੈਲੀ ਕਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਜਸਵੰਤ ਸਿੰਘ, ਹਰਬੰਸ ਸਿੰਘ, ਜਸਵਿੰਦਰ ਸਿੰਘ, ਰਾਜੀਵ ਕੁਮਾਰ, ਗੁਰਲਾਭ ਸਿੰਘ, ਨਰਾਇਣ ਦੱਤ, ਜਗਜੀਤ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਕਾਲਾ ਅਤੇ ਸੁਖਜੰਟ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਨੇ ਪਿਛਲੇ ਸਾਲ ਵੀ ਅਜਿਹਾ ਕੀਤਾ ਸੀ। ਮੁਲਾਜ਼ਮ ਪੂਰਾ ਮਹੀਨਾ ਹੱਡ ਭੰਨਵੀਂ ਮਿਹਨਤ ਕਰਦੇ ਹਨ ਅਤੇ ਤਨਖਾਹ ਜਾਰੀ ਕਰਨ ਵੇਲੇ ਮੈਨੇਜਮੈਂਟ ਸਮੇਂ ਸਿਰ ਫੰਡ ਜਾਰੀ ਨਾ ਹੋਣ ਦਾ ਬਹਾਨਾ ਬਣਾ ਧਰਦੀ ਹੈ। ਇਹੋ ਹਾਲ ਮੈਨੇਜਮੈਂਟ ਪੈਨਸ਼ਨਾਂ ਦੇਣ ਵੇਲੇ ਕਰਦੀ ਹੈ। ਇਸ ਰੈਲੀ ਨੂੰ ਕਮਲ ਕੁਮਾਰ, ਹਰਨੇਕ ਸਿੰਘ, ਕਰਮਜੀਤ ਸਿੰਘ, ਸ਼ਿੰਦਰ ਧੌਲਾ, ਹਰਜੀਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
