ਤਨਖ਼ਾਹ ''ਚੋਂ ਵੀ ਕੱਟਿਆ ਜਾਣ ਲੱਗਾ ਜੀ. ਐੱਸ. ਟੀ. ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
Wednesday, Jan 03, 2018 - 06:44 AM (IST)
ਬਠਿੰਡਾ(ਪਰਮਿੰਦਰ)-ਜਲ ਸਪਲਾਈ ਅਤੇ ਸੈਨੀਟੇਸ਼ਲ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਤਨਖ਼ਾਹ 'ਚੋਂ ਜੀ. ਐੱਸ. ਟੀ. ਕੱਟਣ ਦੇ ਵਿਰੋਧ ਵਿਚ ਉਪ ਮੰਡਲ ਇੰਜੀਨੀਅਰ ਦੇ ਦਫਤਰ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਇਲਜ਼ਾਮ ਲਾਏ ਕਿ ਅਧਿਕਾਰੀਆਂ ਅਤੇ ਠੇਕੇਦਾਰਾਂ ਵੱਲੋਂ ਮਿਲੀਭੁਗਤ ਕਰ ਕੇ ਉਨ੍ਹਾਂ ਦੀ ਤਨਖਾਹ 'ਚੋਂ ਜੀ. ਐੱਸ. ਟੀ. ਕੱਟਿਆ ਜਾ ਰਿਹਾ ਹੈ, ਜਿਸ ਨਾਲ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਬੁਲਾਰਿਆਂ ਨੇ ਕਿਹਾ ਕਿ ਦਫ਼ਤਰ ਵੱਲੋਂ ਜਾਰੀ ਹੋਏ ਪੱਤਰ ਵਿਚ ਬਾਕਾਇਦਾ ਲਿਖਿਆ ਗਿਆ ਕਿ ਕਿਸੇ ਵੀ ਵਰਕਰ ਦੀ ਤਨਖ਼ਾਹ 'ਚੋਂ ਜੀ. ਐੱਸ. ਟੀ. ਨਹੀਂ ਕੱਟਿਆ ਜਾਵੇਗਾ ਪਰ ਅਧਿਕਾਰੀਆਂ ਵੱਲੋਂ ਇਨ੍ਹਾਂ ਹੁਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਮੁਲਾਜ਼ਮ ਯੂਨੀਅਨ ਦੇ ਰਾਜ ਨੇਤਾ ਵਰਿੰਦਰ ਸਿੰਘ ਮੋਮੀ ਅਤੇ ਜ਼ਿਲਾ ਪ੍ਰਧਾਨ ਲਛਮਣ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਉਨ੍ਹਾਂ ਨੇ ਉਲਟਾ ਵਰਕਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਵਰਕਰਾਂ ਦੀ ਬਕਾਇਆ ਤਨਖਾਹ ਵੀ ਜਾਰੀ ਨਾ ਕੀਤੀ ਗਈ ਤਾਂ ਮੁਲਾਜ਼ਮ 9 ਜਨਵਰੀ ਨੂੰ ਉਪ ਮੰਡਲ ਇੰਜੀਨੀਅਰ ਦੀ ਮਾਨਸਾ ਰਿਹਾਇਸ਼ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਹਾਕਮ ਸਿੰਘ ਧਨੇਠਾ, ਸੰਦੀਪ ਖਾਨ, ਇੰਦਰਜੀਤ ਸਿੰਘ ਜੀਤੀ, ਸੁਰਿੰਦਰ ਸਿੰਘ, ਜੁਗਨੂੰ ਸਿੰਘ, ਵਿਜੇ ਕੁਮਾਰ, ਗੁਰਵਿੰਦਰ ਸਿੰਘ ਪੁਨੂੰ, ਰਾਜਿੰਦਰ ਸਿੰਘ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ।
